ਸਕਾਟਲੈਂਡ ਨੂੰ ਮਿਲੇਗਾ 65,000 ਕੋਰੋਨਾ ਟੀਕਿਆਂ ਦਾ ਪਹਿਲਾ ਕੋਟਾ
Friday, Dec 04, 2020 - 04:23 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਟੀਕਾਕਰਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਇਸ ਕੰਮ ਲਈ ਟੀਕਿਆਂ ਦੀ ਪਹਿਲੀ ਖੇਪ ਦੇਸ਼ ਵਿੱਚ ਪਹੁੰਚ ਚੁੱਕੀ ਹੈ।
ਟੀਕਾਕਰਣ ਦੀ ਇਸ ਮੁਹਿੰਮ ਵਿਚ ਸਕਾਟਲੈਂਡ ਵੀ ਸ਼ਾਮਲ ਹੈ, ਜਿਸ ਤਹਿਤ ਇਸ ਖੇਤਰ ਨੂੰ ਤਕਰੀਬਨ 65000 ਟੀਕਿਆਂ ਦਾ ਕੋਟਾ ਵਾਇਰਸ ਨੂੰ ਹਰਾਉਣ ਲਈ ਮਿਲੇਗਾ। ਇਸ ਪ੍ਰਕਿਰਿਆ ਤਹਿਤ ਅਗਲੇ ਹਫਤੇ ਤੋਂ ਕੇਅਰ ਹੋਮ ਵਸਨੀਕ, ਵਰਕਰ ਅਤੇ ਐੱਨ. ਐੱਚ. ਐੱਸ. ਕਾਮੇ ਕੋਰੋਨਾ ਵਾਇਰਸ ਟੀਕੇ ਦੀਆਂ ਖੁਰਾਕਾਂ ਪ੍ਰਾਪਤ ਕਰਨ ਦੀ ਸੂਚੀ ਵਿਚ ਪਹਿਲ 'ਤੇ ਹਨ।
ਇਸ ਗੱਲ ਦੀ ਪੁਸ਼ਟੀ ਨਿਕੋਲਾ ਸਟਰਜਨ ਦੁਆਰਾ ਹੋਲੀਰੂਡ ਵਿਚ ਬੋਲਦਿਆਂ ਕੀਤੀ। ਸਟਰਜਨ ਅਨੁਸਾਰ ਸਕਾਟਲੈਂਡ ਵਿਚ ਕੋਵਿਡ -19 ਟੀਕਾਕਰਣ ਦੀ ਪਹਿਲੀ ਵੱਡੀ ਲਹਿਰ ਬਸੰਤ ਤੱਕ ਪੂਰੀ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਸਿਹਤ ਸਕੱਤਰ ਜੀਨ ਫ੍ਰੀਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਾਟਲੈਂਡ ਨੂੰ 800,000 ਫਾਈਜ਼ਰ ਟੀਕੇ ਦੀਆਂ ਖੁਰਾਕਾਂ ਵਿਚੋਂ 8.2 ਫ਼ੀਸਦੀ ਨਾਲ ਸਿਰਫ 65,500 ਤੋਂ ਜ਼ਿਆਦਾ ਖੁਰਾਕਾਂ ਪ੍ਰਾਪਤ ਹੋਣਗੀਆਂ ਜੋ ਯੂ. ਕੇ. ਦੁਆਰਾ ਪਹਿਲੀ ਸਪੁਰਦਗੀ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ ਜਦਕਿ ਆਉਣ ਵਾਲੇ ਹਫ਼ਤਿਆਂ ਵਿਚ ਟੀਕੇ ਦੀਆਂ ਹੋਰ ਖੇਪਾਂ ਵੀ ਪ੍ਰਾਪਤ ਹੋਣਗੀਆਂ।