ਸਕਾਟਲੈਂਡ ''ਚ ਮੰਗਲਵਾਰ ਸਵੇਰ ਤੋਂ ਲਾਗੂ ਹੋਵੇਗੀ ਪੂਰਨ ਕੋਰੋਨਾ ਤਾਲਾਬੰਦੀ
Tuesday, Jan 05, 2021 - 07:42 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਦੇ ਵਾਧੇ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਦੇ ਬਾਵਜੂਦ, ਵਾਇਰਸ ਦੇ ਮਾਮਲੇ ਤੇਜੀ ਨਾਲ ਫੈਲ ਰਹੇ ਹਨ। ਮੌਜੂਦਾ ਸਥਿਤੀ ਨੂੰ ਦੇਖਦਿਆਂ ਸਕਾਟਲੈਂਡ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਵਾਇਰਸ ਦੀ ਮਾਰਚ ਵਿਚ ਆਈ ਪਹਿਲੀ ਲਹਿਰ ਦੌਰਾਨ ਕੀਤੀ ਤਾਲਾਬੰਦੀ ਦੀ ਤਰਜ਼ 'ਤੇ ਸਕਾਟਲੈਂਡ ਵਿਚ ਪੂਰਨ ਤਾਲਾਬੰਦੀ ਲਾਗੂ ਕਰਨ ਦੀ ਪੁਸ਼ਟੀ ਕੀਤੀ ਹੈ।
ਇੱਕ ਪ੍ਰੈਸ ਕਾਨਫਰੰਸ ਵਿਚ ਬੋਲਦਿਆਂ ਸਟਰਜਨ ਨੇ ਕਿਹਾ ਕਿ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚ ਇਸ ਦੇ ਨਵੇਂ ਰੂਪ ਨੇ ਵੀ ਕਾਫੀ ਯੋਗਦਾਨ ਪਾਇਆ ਹੈ, ਜਿਸ ਨੂੰ ਕਾਬੂ ਕਰਨ ਦੇ ਮੰਤਵ ਨਾਲ ਸਰਕਾਰ ਨੇ ਜਨਵਰੀ ਮਹੀਨੇ ਦੇ ਅਰਸੇ ਲਈ ਬਿਨਾਂ ਕਿਸੇ ਜਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ ਦੀ ਪਾਬੰਦੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਸਟਰਜਨ ਅਨੁਸਾਰ 'ਘਰ ਰਹੋ' ਦਾ ਨਾਅਰਾ ਕੱਲ ਤੋਂ ਸਕਾਟਲੈਂਡ ਵਿੱਚ ਕਾਨੂੰਨ ਬਣ ਜਾਵੇਗਾ ਜਿਸ ਦੇ ਤਹਿਤ ਜ਼ਰੂਰੀ ਉਦੇਸ਼ ਕਰਕੇ ਹੀ ਲੋਕ ਆਪਣਾ ਘਰ ਛੱਡ ਸਕਦੇ ਹਨ, ਜਿਨ੍ਹਾਂ ਵਿਚ ਸਿਹਤ ਦੇਖਭਾਲ , ਜ਼ਰੂਰੀ ਖਰੀਦਦਾਰੀ, ਕਸਰਤ ਆਦਿ ਸ਼ਾਮਲ ਹਨ। ਇਸ ਦੇ ਇਲਾਵਾ ਜੇਕਰ ਸੰਭਵ ਹੋਵੇ ਤਾਂ ਲੋਕਾਂ ਨੂੰ ਘਰ ਤੋਂ ਹੀ ਕੰਮ ਕਰਨਾ ਚਾਹੀਦਾ ਹੈ। ਇਸ ਤਾਲਾਬੰਦੀ ਦੀਆਂ ਪਾਬੰਦੀਆਂ ਯਾਤਰਾ ਲਈ ਵੀ ਦੇਸ਼ ਭਰ ਵਿੱਚ ਲਾਗੂ ਹੋਣਗੀਆਂ, ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰ ਦੇ ਜਿੰਨਾ ਸੰਭਵ ਹੋ ਸਕੇ ਨੇੜੇ ਰਹਿਣ। ਜਦਕਿ ਤਾਲਾਬੰਦੀ ਦੌਰਾਨ ਕਿਸੇ ਨੂੰ ਵੀ ਸਕਾਟਲੈਂਡ ਦੇ ਬਾਹਰ ਜਾਣ ਜਾਂ ਦਾਖਲ ਹੋਣ ਦੀ ਆਗਿਆ ਨਹੀਂ ਹੈ।
ਇੰਨਾ ਹੀ ਨਹੀ ਸਕੂਲ ਵੀ 1 ਫਰਵਰੀ ਤੱਕ ਬਹੁਗਿਣਤੀ ਵਿਦਿਆਰਥੀਆਂ ਲਈ ਬੰਦ ਰਹਿਣਗੇ, ਜਿਨ੍ਹਾਂ ਨੂੰ ਫਰਵਰੀ ਵਿੱਚ ਖੋਲ੍ਹਣ ਲਈ 18 ਜਨਵਰੀ ਨੂੰ ਸਮੀਖਿਆ ਕੀਤੀ ਜਾਵੇਗੀ। ਇਸ ਅਰਸੇ ਦੌਰਾਨ ਸੰਸਕਾਰ, ਸਿਵਲ ਸੇਵਾ ਦੀਆਂ ਰਸਮਾਂ ਅਤੇ ਵਿਆਹਾਂ ਨੂੰ ਛੱਡ ਕੇ ਪੂਜਾ ਦੇ ਸਥਾਨ ਵੀ ਬੰਦ ਹੋਣਗੇ। ਕੋਰੋਨਾ ਵਾਇਰਸ ਸੰਬੰਧੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ ਦਿਨ ਸਕਾਟਲੈਂਡ ਵਿੱਚ 1,905 ਨਵੇਂ ਕੋਵਿਡ ਮਾਮਲੇ ਦਰਜ ਹੋਏ ਹਨ ਅਤੇ 15 ਫ਼ੀਸਦੀ ਟੈਸਟਾਂ ਦੇ ਪਾਜ਼ੀਟਿਵ ਨਤੀਜੇ ਪ੍ਰਾਪਤ ਕੀਤੇ ਗਏ ਜਦਕਿ ਇਸ ਦੌਰਾਨ ਕਿਸੇ ਨਵੀਂ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਹਾਲਾਂਕਿ 31 ਦਸੰਬਰ ਤੱਕ, ਸਕਾਟਲੈਂਡ ਵਿੱਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4,578 ਤੱਕ ਪਹੁੰਚ ਗਈ ਹੈ।