ਸਕਾਟਲੈਂਡ : ਨਿਕੋਲ ਸਟਰਜਨ ਨੇ ਗਲਾਸਗੋ ਸਾਊਥ ਸਾਈਡ ਦਾ ਚੋਣ ਮੈਦਾਨ ਕੀਤਾ ਫ਼ਤਿਹ
Saturday, May 08, 2021 - 01:39 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ 6 ਮਈ ਨੂੰ ਪਈਆਂ ਹੋਲੀਰੂਡ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਦੇ ਅਧੀਨ ਗਲਾਸਗੋ ਸਾਊਥ ਸਾਈਡ ਹਲਕੇ ’ਚ ਲੋਕਾਂ ਨੇ ਐੱਸ. ਐੱਨ. ਪੀ. ਨੇਤਾ ਨਿਕੋਲਾ ਸਟਰਜਨ ਨੂੰ ਸਕਾਟਿਸ਼ ਮੈਂਬਰ ਪਾਰਲੀਮੈਂਟ (ਐੱਸ. ਐੱਮ. ਪੀ.) ਵਜੋਂ ਸੇਵਾ ਕਰਨ ਲਈ ਦੁਬਾਰਾ ਚੁਣਿਆ ਹੈ। ਨਿਕੋਲਾ ਸਟਰਜਨ ਨੇ ਸਕਾਟਿਸ਼ ਲੇਬਰ ਲੀਡਰ ਅਨਸ ਸਰਵਰ ਖ਼ਿਲਾਫ਼ ਗਲਾਸਗੋ ਸਾਊਥ ਸਾਈਡ ਤੋਂ ਇਹ ਚੋਣ ਜਿੱਤੀ ਹੈ। ਸਟਰਜਨ ਨੇ 19,735 ਵੋਟਾਂ ਨਾਲ ਮੈਦਾਨ ਫਤਿਹ ਕੀਤਾ, ਜਦਕਿ ਸਰਵਰ 10,279 ਵੋਟਾਂ ਪ੍ਰਾਪਤ ਕਰ ਕੇ ਦੂਜੇ ਸਥਾਨ 'ਤੇ ਰਹੇ।
ਇਨ੍ਹਾਂ ਤੋਂ ਇਲਾਵਾ ਟੋਰੀ ਉਮੀਦਵਾਰ ਕਾਇਲੇ ਥੋਰਨਟਨ ਨੂੰ 1790 ਅਤੇ ਲਿਬ ਡੈਮ ਦੇ ਉਮੀਦਵਾਰ ਕੈਰੋਲ ਲੂਈਸ ਫੋਰਡ ਨੂੰ ਸਿਰਫ 504 ਵੋਟਾਂ ਮਿਲੀਆਂ ਅਤੇ ਜੈਦਾ ਫ੍ਰਾਂਸਨ ਨੂੰ ਸਿਰਫ 46 ਵੋਟਾਂ ਪਈਆਂ। ਅਮੀਰਾਤ ਅਰੇਨਾ ਵਿਖੇ ਨਤੀਜਾ ਐਲਾਨਣ ਤੋਂ ਬਾਅਦ ਬੋਲਦਿਆਂ ਸਟਰਜਨ ਨੇ ਕਿਹਾ ਕਿ ‘‘ਗਲਾਸਗੋ ਸਾਊਥ ਸਾਈਡ ਨੇ ਜਾਤੀਵਾਦੀ ਅਤੇ ਫਾਸ਼ੀਵਾਦੀਆਂ ਨੂੰ ਦਿਖਾਇਆ ਹੈ ਕਿ ਗਲਾਸਗੋ ਸਾਊਥ ਸਾਈਡ ’ਚ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ ਜਾਂਦਾ।’’ ਸਟਰਜਨ ਦੀ ਪਾਰਟੀ ਸਕਾਟਲੈਂਡ ਦੀ ਸੰਸਦ ਵਿਚ ਸੱਤਾ ਬਰਕਰਾਰ ਰੱਖਣ ਲਈ ਤਿਆਰ ਹੈ ਪਰ ਸਮੁੱਚੇ ਚੋਣ ਨਤੀਜਿਆਂ ਦਾ ਸ਼ਨੀਵਾਰ ਦੁਪਹਿਰ ਤੱਕ ਜਲਦੀ ਪਤਾ ਨਹੀਂ ਲੱਗ ਸਕੇਗਾ।
ਸਰਵਰ ਨੇ ਨੌਂ ਹਫ਼ਤੇ ਪਹਿਲਾਂ ਸਕਾਟਿਸ਼ ਲੇਬਰ ਦਾ ਕਾਰਜਭਾਰ ਸੰਭਾਲਿਆ ਸੀ ਤੇ ਉਨ੍ਹਾਂ ਨੇ ਲੇਬਰ ਪਾਰਟੀ ਨੂੰ ਮੁੜ ਲੀਹ 'ਤੇ ਲਿਆਉਣ ਦੇ ਆਪਣੇ ਇਰਾਦੇ ਵਜੋਂ ਆਪਣੇ ਹੀ ਹਲਕੇ ’ਚ ਨਿਕੋਲਾ ਸਟਰਜਨ ਨੂੰ ਚੁਣੌਤੀ ਦਿੱਤੀ ਸੀ ਪਰ ਸਰਵਰ ਵੱਲੋਂ ਬੇਹੱਦ ਉਤਸ਼ਾਹਪੂਰਵਕ ਮੁਹਿੰਮ ਦੀ ਅਗਵਾਈ ਕਰਨ ਦੇ ਬਾਵਜੂਦ ਸਟਰਜਨ ਨੇ ਇਸ ਹਲਕੇ ’ਤੇ ਆਪਣਾ ਕਬਜ਼ਾ ਕੀਤਾ ਹੈ। ਸਟਰਜਨ ਨੇ ਕਿਹਾ ਕਿ ਲੇਬਰ ਪਾਰਟੀ ਮੁੜ ਲੀਹ ’ਤੇ ਆ ਗਈ ਹੈ, ਜਿਸ ’ਚ ਵੋਟ ਦੇ ਹਿੱਸੇ ’ਚ ਤਕਰੀਬਨ 9 ਫੀਸਦੀ ਦਾ ਵਾਧਾ ਹੋਇਆ ਹੈ।