ਸਕਾਟਲੈਂਡ ਗਰੌਸਰਜ਼ ਫੈਡਰੇਸ਼ਨ ਦੀ ਸਾਲਾਨਾ ਕਾਨਫਰੰਸ ''ਚ ਨਿਕੋਲਾ ਸਟਰਜਨ ਨੇ ਭਰੀ ਹਾਜ਼ਰੀ

11/05/2019 1:29:56 PM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਇੱਕ ਅਜਿਹਾ ਦੇਸ਼ ਹੈ ਜਿਹੜਾ ਪਲਾਸਟਿਕ ਦੀਆਂ ਬੋਤਲਾਂ ਜਾਂ ਹੋਰ ਪਲਾਸਟਿਕ ਬਰਤਨਾਂ ਦੇ ਕੂੜੇ ਨੂੰ ਵਿਉਂਤਬੱਧ ਢੰਗ ਨਾਲ ਮੁੜ ਵਰਤੋਂਯੋਗ ਪਲਾਸਟਿਕ ਵਿੱਚ ਨਵਿਆਉਣ ਲਈ ਡੀ.ਆਰ.ਐੱਸ. ਸਕੀਮ ਤਹਿਤ ਮਸ਼ੀਨਾਂ ਲਗਾਉਣ ਜਾ ਰਿਹਾ ਹੈ। ਇਸ ਪਹਿਲ ਦੀ ਰੀਸ ਹੁਣ ਇੰਗਲੈਂਡ ਦੀਆਂ ਕੁਝ ਨਾਮੀ ਕੰਪਨੀਆਂ ਵੀ ਕਰਨ ਜਾ ਰਹੀਆਂ ਹਨ ਤਾਂ ਜੋ ਵਾਤਾਵਰਨ ਸ਼ੁੱਧਤਾ ਨੂੰ ਮੱਦੇਨਜ਼ਰ ਰੱਖਦਿਆਂ ਮੁੜ-ਨਵਿਆਉਣ ਦਰ ਨੂੰ 2024 ਤੱਕ 90 ਫੀਸਦੀ ਤੱਕ ਵਧਾਇਆ ਜਾ ਸਕੇ।“ਉਕਤ ਵਿਚਾਰਾਂ ਦਾ ਪ੍ਰਗਟਾਵਾ ਸਕਾਟਲੈਂਡ ਦੀ ਫਸਟ ਮਿਨਿਸਟਰ ਅਤੇ ਸਕਾਟਿਸ਼ ਨੈਸ਼ਨਲ ਪਾਰਟੀ ਦੀ ਮੁਖੀ ਨਿਕੋਲਾ ਸਟਰਜਨ ਨੇ ਸਕਾਟਲੈਂਡ ਗਰੌਸਰਜ਼ ਫੈਡਰੇਸ਼ਨ ਵੱਲੋਂ ਆਯੋਜਿਤ ਸਾਲਾਨਾ ਕਾਨਫਰੰਸ ਦੇ ਸਮਾਪਤੀ ਭਾਸ਼ਣ ਦੌਰਾਨ ਕੀਤਾ। 

ਉਹਨਾਂ ਅਹਿਮ ਐਲਾਨ ਕਰਦਿਆਂ ਕਿਹਾ ਕਿ ਆਪਣੇ ਸਟੋਰਾਂ ਵਿੱਚ ਡੀ.ਆਰ.ਐੱਸ. ਸਕੀਮ ਅਧੀਨ ਰਿਵਰਸ ਵੈਂਡਿੰਗ ਮਸ਼ੀਨਾਂ ਲਗਵਾਉਣ ਵਾਲੇ ਮਾਲਕਾਂ ਨੂੰ ਬਿਜਨਸ ਟੈਕਸ ਦਰ ਤੋਂ ਰਾਹਤ ਮਿਲੇਗੀ। ਸਕਾਟਲੈਂਡ ਗਰੌਸਰਜ਼ ਫੈਡਰੇਸ਼ਨ ਦੇ ਚੀਫ ਐਗਜੈਕਟਿਵ ਪੀਟ ਚੀਮਾ ਨੇ ਨਿਕੋਲਾ ਸਟਰਜਨ ਦੇ ਇਸ ਐਲਾਨ ਦਾ ਆਪਣੀ ਫੈਡਰੇਸ਼ਨ ਅਤੇ ਸਮੂਹ ਸਾਥੀ ਵਪਾਰੀਆਂ ਵੱਲੋਂ ਸਵਾਗਤ ਕੀਤਾ ਹੈ। ਇਕ ਪੱਤਰਕਾਰ ਨਾਲ ਵਿਸ਼ੇਸ਼ ਵਾਰਤਾ ਦੌਰਾਨ ਪੀਟ ਚੀਮਾ ਨੇ ਕਿਹਾ ਕਿ ਸਕਾਟਲੈਂਡ ਵਿੱਚ ਲਗਭਗ 71 ਫੀਸਦੀ ਗਰੌਸਰੀ ਸਟੋਰ ਸੁਤੰਤਰ ਤੌਰ 'ਤੇ ਨਿੱਜੀ ਮਲਕੀਅਤ ਅਧੀਨ ਚੱਲ ਰਹੇ ਹਨ। ਜਿਹਨਾਂ ਦੀ ਕੁੱਲ ਗਿਣਤੀ 4973 ਦੇ ਕਰੀਬ ਹੈ। ਜਿੱਥੇ ਇਹ ਸਟੋਰ ਮਾਲਕ ਆਪਣੇ ਕਾਰੋਬਾਰ ਚਲਾ ਰਹੇ ਹਨ, ਉੱਥੇ ਰੁਜ਼ਗਾਰ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ 44000 ਨੌਕਰੀਆਂ ਵੀ ਇਸ ਵਪਾਰ ਵਿੱਚੋਂ ਪੈਦਾ ਹੋਈਆਂ ਹਨ। 

ਜ਼ਿਕਰਯੋਗ ਹੈ ਕਿ ਪੀਟ ਚੀਮਾ ਪੰਜਾਬੀ ਮੂਲਕ ਪਰਿਵਾਰ ਨਾਲ ਸੰਬੰਧਤ ਹਨ ਅਤੇ ਉਹਨਾਂ ਨੂੰ ਓ ਬੀ ਈ ਦਾ ਰੁਤਬਾ ਵੀ ਹਾਸਲ ਹੈ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਪੀਟ ਚੀਮਾ ਨੂੰ ਯੂਨੀਵਰਸਿਟੀ ਆਫ ਸਟਰਲਿੰਗ ਵੱਲੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਵੀ ਪ੍ਰਦਾਨ ਕੀਤੀ ਗਈ ਹੈ। ਉਹਨਾਂ ਨਿਕੋਲਾ ਸਟਰਜਨ ਦੇ ਇਸ ਐਲਾਨ ਨੂੰ ਸਟੋਰ ਮਾਲਕਾਂ ਲਈ ਵੱਡੀ ਰਾਹਤ ਦੱਸਦਿਆਂ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਬੇਨਤੀ ਵੀ ਕੀਤੀ ਕਿ ਮੁੜ-ਨਵਿਆਉਣ ਯੋਗ ਪਲਾਸਟਿਕ ਅਤੇ ਐਲੂਮੀਨੀਅਮ ਦੇ ਮੁਕਾਬਲੇ ਕੱਚ ਦਾ ਮੁੱਲ ਬਹੁਤ ਘੱਟ ਮਿਲਦਾ ਹੈ। ਜਿਸ ਕਰਕੇ ਕੰਪਨੀਆਂ ਅਤੇ ਸਟੋਰ ਮਾਲਕਾਂ ਦਾ ਆਪਸੀ ਤਾਲਮੇਲ ਨਹੀਂ ਬਣ ਰਿਹਾ।  ਇਸ ਫੈਡਰੇਸ਼ਨ ਦੇ ਹੋਂਦ ਵਿੱਚ ਆਉਣ ਦੇ ਪਿੱਠਵਰਤੀ ਕਾਰਨਾਂ ਦੀ ਚਰਚਾ ਕਰਦਿਆਂ ਪੀਟ ਚੀਮਾ ਨੇ ਕਿਹਾ ਕਿ ਉਹਨਾਂ ਦਾ ਮੁੱਖ ਮੰਤਵ ਹੀ ਇਹ ਹੈ ਕਿ ਸਕਾਟਲੈਂਡ ਦੇ ਸਾਰੇ ਸਟੋਰ ਮਾਲਕ ਇੱਕ ਲੜੀ ਵਿੱਚ ਪਰੋ ਕੇ ਇੱਕ ਮੰਚ 'ਤੇ ਇਕੱਠੇ ਹੋਣ ਤਾਂ ਜੋ ਏਕਤਾ ਨਾਲ ਆਪੋ ਆਪਣੇ ਕਾਰੋਬਾਰਾਂ ਨੂੰ ਅੱਗੇ ਵਧਾਇਆ ਜਾ ਸਕੇ।


Vandana

Content Editor

Related News