ਸਕਾਟਲੈਂਡ : ਗੁਰਪੁਰਬ ਮੌਕੇ UK ਦੇ ਜੰਮਪਲ ਭੁਝੰਗੀ ਸਿੰਘਾਂ ਨੇ ਗੱਤਕੇ ਦੇ ਦਿਖਾਏ ਜੌਹਰ
Monday, Jan 10, 2022 - 05:59 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਵੱਖ-ਵੱਖ ਗੁਰੂਘਰਾਂ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ। ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਜਿਥੇ ਕੀਰਤਨੀਏ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਉੱਥੇ ਹੀ ਯੂ. ਕੇ. ਦੇ ਜੰਮਪਲ ਭੁਝੰਗੀ ਸਿੰਘਾਂ ਨੇ ਗੱਤਕੇ ਦੇ ਜੌਹਰ ਦਿਖਾ ਕੇ ਸੰਗਤਾਂ ’ਚ ਜੋਸ਼ ਭਰਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਅਖਾੜੇ ਦੇ ਵਿਸ਼ੇਸ਼ ਉਪਰਾਲੇ ਨਾਲ ਭੁਝੰਗੀ ਸਿੰਘਾਂ ਨੇ ਵੱਖ-ਵੱਖ ਸ਼ਸਤਰਾਂ ਦੀ ਹਾਸਲ ਕੀਤੀ ਵਿੱਦਿਆ ਦਾ ਪ੍ਰਦਰਸ਼ਨ ਕੀਤਾ। ਭਾਰੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਵੱਲੋਂ ਗੱਤਕੇ ਦੀ ਪੇਸ਼ਕਾਰੀ ਨੂੰ ਬੇਹੱਦ ਸਰਾਹਿਆ ਗਿਆ।