ਸਕਾਟਲੈਂਡ: ਘਰਾਂ ਦਾ ਵੱਧ ਰਿਹਾ ਕਿਰਾਇਆ ਲੋਕਾਂ ਨੂੰ ਕਰ ਰਿਹਾ ਹੈ ''ਬੇਘਰ''
Monday, Apr 26, 2021 - 01:08 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਪ੍ਰਾਈਵੇਟ ਘਰਾਂ ਦੇ ਕਿਰਾਏ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਗਰੀਬੀ ਅਤੇ ਬੇਘਰੇ ਲੋਕਾਂ ਵਿੱਚ ਵਾਧਾ ਕਰ ਰਿਹਾ ਹੈ। ਇਸ ਸੰਬੰਧੀ ਅੰਕੜੇ ਦਰਸਾਉਂਦੇ ਹਨ ਕਿ ਗਲਾਸਗੋ ਵਿੱਚ ਇੱਕ ਫਲੈਟ ਦਾ ਔਸਤਨ ਮਹੀਨਾਵਾਰ ਕਿਰਾਇਆ ਇੱਕ ਸਾਲ ਵਿੱਚ 73 ਪੌਂਡ ਤੱਕ ਵਧਿਆ ਹੈ, ਜੋ ਯੂਕੇ ਦੇ ਸ਼ਹਿਰਾਂ ਵਿੱਚ ਸਭ ਤੋਂ ਵੱਡਾ ਵਾਧਾ ਹੈ। ਜਦਕਿ ਸ਼ਹਿਰ ਵਿੱਚ ਤਿੰਨ ਬਿਸਤਰਿਆਂ ਵਾਲਾ ਫਲੈਟ ਕਿਰਾਏਦਾਰਾਂ ਲਈ ਪ੍ਰਤੀ ਮਹੀਨਾ 1187 ਪੌਂਡ ਤੱਕ ਪੈਂਦਾ ਹੈ।
ਅਜਿਹਾ ਹੀ ਰੁਝਾਨ ਸਾਰੇ ਸਕਾਟਲੈਂਡ ਵਿੱਚ ਦੇਖਿਆ ਜਾ ਰਿਹਾ ਹੈ। ਰਿਹਾਇਸ਼ੀ ਅੰਕੜੇ ਮੁਹੱਈਆ ਕਰਾਉਣ ਵਾਲੀ ਇੱਕ ਗਲੋਬਲ ਫਰਮ ਈ.ਸੀ.ਏ. ਇੰਟਰਨੈਸ਼ਨਲ ਦੇ ਅਨੁਸਾਰ ਐਬਰਡੀਨ ਵਿੱਚ ਮਹੀਨੇ ਦੇ 20 ਪੌਂਡ ਅਤੇ ਐਡਿਨਬਰਾ ਵਿੱਚ 29 ਪੌਂਡ ਦਾ ਵਾਧਾ ਹੋਇਆ ਹੈ। ਇਸ ਸੰਬੰਧੀ ਸ਼ੈਲਟਰ ਸਕਾਟਲੈਂਡ ਦੀ ਡਾਇਰੈਕਟਰ, ਐਲਿਸਨ ਵਾਟਸਨ ਨੇ ਕਿਹਾ ਕਿ ਗਲਾਸਗੋ ਅਤੇ ਐਡਿਨਬਰਾ ਵਰਗੇ ਪ੍ਰਸਿੱਧ ਖੇਤਰਾਂ ਵਿੱਚ ਸੁਰੱਖਿਅਤ ਅਤੇ ਕਿਫਾਇਤੀ ਸਮਾਜਿਕ ਮਕਾਨਾਂ ਦੀ ਘਾਟ ਦਾ ਮਤਲਬ ਹੈ ਕਿ ਕਿਰਾਏ ਵਾਲੇ ਮਕਾਨਾਂ ਦੀ ਮੰਗ ਵੱਧ ਰਹੀ ਹੈ ਅਤੇ ਕਿਰਾਏ ਵਧਣ ਨਾਲ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਕਮਿਊਨਿਟੀਆਂ ਤੋਂ ਬਾਹਰ ਕੱਢਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ - ਭਾਰਤ 'ਚ ਕੋਵਿਡ ਸੰਕਟ ਦੌਰਾਨ 'ਸੇਵਾ ਇੰਟਰਨੈਸ਼ਨਲ' ਭੇਜੇਗਾ 400 ਆਕਸੀਜਨ ਸਿਲੰਡਰ
ਅੰਕੜਿਆਂ ਅਨੁਸਾਰ ਘਰਾਂ ਦਾ ਕਿਰਾਇਆ ਵੱਧਣਾ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਗਲਾਸਗੋ ਸਿਟੀ ਕੌਂਸਲ 2035 ਤੱਕ ਸ਼ਹਿਰ ਦੀ ਮੁੱਖ ਸ਼ਹਿਰੀ ਵਸੋਂ ਦੀ ਆਬਾਦੀ ਨੂੰ 40,000 ਤੱਕ ਵਧਾਉਣ ਦਾ ਨਿਸ਼ਾਨਾ ਰੱਖਦੀ ਹੈ। ਪਿਛਲੇ ਇੱਕ ਦਹਾਕੇ ਦੇ ਅੰਕੜਿਆਂ ਅਨੁਸਾਰ ਘਰਾਂ ਦੇ ਕਿਰਾਏ ਸਕਾਟਲੈਂਡ ਵਿੱਚ 26 ਫੀਸਦੀ ਵਧੇ ਹਨ ਪਰ ਇਕੱਲੇ ਗਲਾਸਗੋ 'ਚ ਇਹ ਵਾਧਾ 46 ਫੀਸਦੀ ਦੇਖਣ ਨੂੰ ਮਿਲਿਆ ਹੈ। ਇਸ ਵਾਧੇ ਖਿਲਾਫ ਗਲਾਸਗੋ ਵਿੱਚ ਕਿਰਾਏਦਾਰ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।