ਸਕਾਟਲੈਂਡ : ਬਿਜਲੀ ਸਪਲਾਈ ਨੂੰ ਅੱਪਗ੍ਰੇਡ ਕਰਨ ਵਾਸਤੇ ਲਈ ਜਾ ਰਹੀ ਹੈ ਹੈਲੀਕਾਪਟਰਾਂ ਦੀ ਮਦਦ
Monday, Aug 22, 2022 - 01:35 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਕੁੱਝ ਹਿੱਸਿਆਂ ਵਿੱਚ ਬਿਜਲੀ ਸਪਲਾਈ ਨੂੰ ਅੱਪਗ੍ਰੇਡ ਕਰਨ ਲਈ 10 ਮਿਲੀਅਨ ਪੌਂਡ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਹਵਾਈ ਸਹਾਇਤਾ ਲਈ ਜਾ ਰਹੀ ਹੈ। ਇਸ ਪ੍ਰੋਜੈਕਟ ਵਿੱਚ ਹੈਲੀਕਾਪਟਰਾਂ ਨੂੰ ਆਰਗਿਲ ਅਤੇ ਬਿਊਟ ਵਿੱਚ ਟੇਨੁਇਲਟ ਅਤੇ ਤੁਲਿਚ ਦੇ ਵਿਚਕਾਰ ਤਕਰੀਬਨ 18 ਕਿਲੋਮੀਟਰ ਦੀ ਦੂਰੀ ਦਰਮਿਆਨ 287 ਦੇ ਕਰੀਬ ਬਿਜਲੀ ਦੇ ਖੰਭਿਆਂ ਨੂੰ ਬਦਲਣ ਵਿੱਚ ਮਦਦ ਲਈ ਤਿਆਰ ਕੀਤਾ ਗਿਆ ਹੈ।
ਸਕਾਟਿਸ਼ ਅਤੇ ਦੱਖਣੀ ਇਲੈਕਟ੍ਰੀਸਿਟੀ ਨੈੱਟਵਰਕ (SSEN) ਦੇ ਪ੍ਰੋਜੈਕਟ ਮੈਨੇਜਰ ਟੌਮ ਬੇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰਵਾਈ ਦਾ ਸਥਾਨਕ ਵਾਤਾਵਰਣ 'ਤੇ ਪ੍ਰਭਾਵ ਘੱਟ ਤੋਂ ਘੱਟ ਹੈ। ਉਹਨਾਂ ਕਿਹਾ ਕਿ "ਇਸ ਪ੍ਰੋਜੈਕਟ ਦੀ ਯੋਜਨਾਬੰਦੀ ਨੂੰ ਕਈ ਸਾਲ ਹੋ ਗਏ ਹਨ, ਪਰ ਕੁੱਝ ਬਹੁਤ ਹੀ ਦੂਰ-ਦੁਰਾਡੇ ਇਲਾਕਿਆਂ ਵਿੱਚ ਸਮੱਗਰੀ ਅਤੇ ਸਾਜ਼ੋ-ਸਾਮਾਨ ਨੂੰ ਪਹੁੰਚਾਉਣਾ ਪ੍ਰਮੁੱਖ ਚੁਣੌਤੀ ਹੈ।"
ਬਿਜਲੀ ਸਪਲਾਈ ਨੂੰ ਬਿਹਤਰ ਕਰਨ ਲਈ ਹਰ ਖੰਭੇ ਦੀ ਇੱਕ ਵਿਲੱਖਣ ਉਚਾਈ ਹੈ ਅਤੇ ਹੈਲੀਕਾਪਟਰਾਂ ਦੀ ਵਰਤੋਂ ਨੇ ਇਸ ਪ੍ਰੋਜੈਕਟ ਦੀ ਕੁਸ਼ਲਤਾ ਨੂੰ ਵਧਾਇਆ ਹੈ। ਜਿਸ ਨਾਲ ਹਰੇਕ ਖੰਭੇ ਨੂੰ ਚੁੱਕਿਆ ਜਾ ਸਕਦਾ ਹੈ ਅਤੇ ਘੱਟ ਸਮੇਂ ਵਿੱਚ ਇਸਦੇ ਖਾਸ ਸਥਾਨ 'ਤੇ ਪਹੁੰਚਾਇਆ ਜਾ ਸਕਦਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਬਿਜਲੀ ਸਪਲਾਈ ਨੂੰ ਨਿਰਵਿਘਨ ਬਣਾਉਣ ਦੇ ਨਾਲ ਹੀ ਇਲੈਕਟ੍ਰਿਕ ਵਾਹਨ ਚਾਰਜਰਾਂ ਅਤੇ ਹੀਟ ਪੰਪਾਂ ਵਿੱਚ ਵਾਧੇ ਦੀ ਸਹੂਲਤ ਲਈ ਨੈੱਟਵਰਕ ਦੀ ਸਮਰੱਥਾ ਨੂੰ ਵਧਾਉਣਾ ਹੈ।