ਸਕਾਟਲੈਂਡ: ਹੋਟਲ ''ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ
01/02/2023 8:58:37 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਵਿੱਚ ਕਸਬੇ ਪਰਥ ਦੇ ਨਿਊ ਕਾਉਂਟੀ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋਣ ਦੀ ਦਰਦਨਾਕ ਘਟਨਾ ਵਾਪਰੀ ਹੈ। ਹੋਟਲ ਵਿੱਚ ਅੱਗ ਨੂੰ ਕਾਬੂ ਕਰਨ ਲਈ 21 ਐਂਬੂਲੈਂਸ ਅਮਲੇ ਅਤੇ 9 ਫਾਇਰ ਟਰੱਕਾਂ ਸਮੇਤ ਐਮਰਜੈਂਸੀ ਸੇਵਾਵਾਂ ਨੂੰ ਕਾਉਂਟੀ ਪਲੇਸ ਦੇ ਨਿਊ ਕਾਉਂਟੀ ਹੋਟਲ ਵਿੱਚ ਲਗਭਗ 05:10 ਵਜੇ ਬੁਲਾਇਆ ਗਿਆ ਸੀ।
ਸੁਰੱਖਿਆ ਦੇ ਮੱਦੇਨਜ਼ਰ ਹੋਟਲ ਦੇ ਮਹਿਮਾਨਾਂ ਅਤੇ ਗੁਆਂਢੀ ਫਲੈਟਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਕਰੀਬ ਸਾਢੇ ਛੇ ਵਜੇ ਅੱਗ ਬੁਝਾਈ ਗਈ ਅਤੇ ਬਾਅਦ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਲਾਸ਼ਾਂ ਨੂੰ ਲੱਭਿਆ ਗਿਆ। ਦਿਨ ਦੌਰਾਨ ਵੱਡੀ ਗਿਣਤੀ ਵਿੱਚ ਪੁਲਸ ਅਤੇ ਫਾਇਰਫਾਈਟਰ ਘਟਨਾ ਸਥਾਨ 'ਤੇ ਰਹੇ। ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਨੇ ਕਿਹਾ ਕਿ ਭਿਆਨਕ ਅੱਗ ਵਿੱਚ ਇੱਕ ਕੁੱਤੇ ਦੀ ਵੀ ਮੌਤ ਹੋ ਗਈ।
ਇਸ ਘਟਨਾ ਦੇ ਸਬੰਧ ਵਿੱਚ ਪੁਲਸ ਸਕਾਟਲੈਂਡ ਅਧਿਕਾਰੀ ਫਾਇਰ ਸਰਵਿਸ ਨਾਲ ਸਾਂਝੀ ਜਾਂਚ ਕਰ ਰਹੇ ਹਨ। ਕੌਂਸਲਰ ਐਰਿਕ ਡ੍ਰਾਈਸਡੇਲ, ਜੋ ਕਿ ਪਰਥ ਅਤੇ ਕਿਨਰੋਸ ਕੌਂਸਲ ਦੇ ਡਿਪਟੀ ਲੀਡਰ ਹਨ, ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ ਹੈ।