ਸ਼ਾਹਬਾਜ਼ ਸ਼ਰੀਫ ਦੇ ਡਿਨਰ 'ਤੇ ਪਹੁੰਚੇ ਐੱਸ ਜੈਸ਼ੰਕਰ, ਪਾਕਿ PM ਨੇ ਮੁਸਕਰਾ ਕੇ ਕੀਤਾ ਸਵਾਗਤ (Video)

Wednesday, Oct 16, 2024 - 05:37 AM (IST)

ਸ਼ਾਹਬਾਜ਼ ਸ਼ਰੀਫ ਦੇ ਡਿਨਰ 'ਤੇ ਪਹੁੰਚੇ ਐੱਸ ਜੈਸ਼ੰਕਰ, ਪਾਕਿ PM ਨੇ ਮੁਸਕਰਾ ਕੇ ਕੀਤਾ ਸਵਾਗਤ (Video)

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਮੰਗਲਵਾਰ ਸ਼ਾਮ ਨੂੰ ਐੱਸਸੀਓ ਸੰਮੇਲਨ 'ਚ ਸ਼ਾਮਲ ਹੋਣ ਲਈ ਆਏ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਸਮੇਤ ਸਾਰੇ ਮਹਿਮਾਨਾਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ। ਸ਼ਾਹਬਾਜ਼ ਸ਼ਰੀਫ ਨੇ ਰਾਤ ਦੇ ਖਾਣੇ ਲਈ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਐੱਸ ਜੈਸ਼ੰਕਰ ਅਤੇ ਸ਼ਾਹਬਾਜ਼ ਸ਼ਰੀਫ ਨੇ ਵੀ ਹੱਥ ਮਿਲਾਇਆ ਤੇ ਇੱਕ ਦੂਜੇ ਨੂੰ ਵਧਾਈ ਦਿੱਤੀ।

ਐੱਸਸੀਓ ਡਿਨਰ ਤੋਂ ਠੀਕ ਪਹਿਲਾਂ ਸਥਾਨ ਦੀਆਂ ਤਸਵੀਰਾਂ 'ਚ ਸ਼ਹਿਬਾਜ਼ ਸ਼ਰੀਫ ਨੂੰ ਐੱਸ ਜੈਸ਼ੰਕਰ ਦਾ ਸਵਾਗਤ ਕਰਦੇ ਹੋਏ ਤੇ ਹੱਥ ਮਿਲਾਉਂਦੇ ਹੋਏ ਦਿਖਾਇਆ ਗਿਆ ਹੈ, ਜਿਸ ਦੌਰਾਨ ਦੋਵਾਂ ਨੇ ਇੱਕ ਸੰਖੇਪ ਗੱਲਬਾਤ ਵੀ ਕੀਤੀ ਸੀ। ਜੈਸ਼ੰਕਰ ਮੰਗਲਵਾਰ ਸ਼ਾਮ ਨੂੰ ਹੀ ਪਾਕਿਸਤਾਨ ਪਹੁੰਚ ਗਏ ਸਨ। ਕਰੀਬ ਇੱਕ ਦਹਾਕੇ ਵਿੱਚ ਪਹਿਲੀ ਵਾਰ ਕਿਸੇ ਚੋਟੀ ਦੇ ਭਾਰਤੀ ਨੇਤਾ ਨੇ ਪਾਕਿਸਤਾਨ ਦਾ ਦੌਰਾ ਕੀਤਾ ਹੈ। ਜੈਸ਼ੰਕਰ ਦੁਪਹਿਰ ਕਰੀਬ 3.30 ਵਜੇ ਨੂਰ ਖਾਨ ਏਅਰਬੇਸ 'ਤੇ ਜਹਾਜ਼ ਤੋਂ ਉਤਰੇ। ਇੱਥੇ ਡਾਇਰੈਕਟਰ ਜਨਰਲ ਇਲਿਆਸ ਮਹਿਮੂਦ ਨਿਜ਼ਾਮੀ ਅਤੇ ਹੋਰ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

 

ਭਾਰਤ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰੇਗਾ
ਭਾਰਤੀ ਪੱਖ ਤੋਂ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਜੈਸ਼ੰਕਰ ਸਿਰਫ ਐੱਸਸੀਓ ਸੰਮੇਲਨ ਲਈ ਆਏ ਹਨ। ਇਸ ਦੌਰਾਨ ਜੈਸ਼ੰਕਰ ਦੁਵੱਲੇ ਸਬੰਧਾਂ 'ਤੇ ਚਰਚਾ ਨਹੀਂ ਕਰਨਗੇ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਜੈਸ਼ੰਕਰ ਸੰਮੇਲਨ 'ਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ। ਉਹ ਇਸ ਸੰਮੇਲਨ ਲਈ ਪਾਕਿਸਤਾਨ ਪਹੁੰਚੇ ਹਨ ਕਿਉਂਕਿ ਭਾਰਤ ਐੱਸਸੀਓ 'ਚ ਸਰਗਰਮੀ ਨਾਲ ਸ਼ਾਮਲ ਹੈ।

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਲੰਬੇ ਸਮੇਂ ਤੋਂ ਕੋਈ ਨਿੱਘ ਨਹੀਂ ਆਇਆ ਹੈ। ਨਰਿੰਦਰ ਮੋਦੀ ਦਸੰਬਰ 2015 'ਚ ਪਾਕਿਸਤਾਨ ਗਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਵੱਡੇ ਭਾਰਤੀ ਨੇਤਾ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਲਗਭਗ ਇੱਕ ਦਹਾਕੇ ਬਾਅਦ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਵੱਡੇ ਨੇਤਾ ਹਨ। ਜੈਸ਼ੰਕਰ ਦੇ ਇਸ ਦੌਰੇ 'ਤੇ ਪਾਕਿਸਤਾਨ ਦੇ ਕਈ ਨੇਤਾਵਾਂ ਦੇ ਬਿਆਨ ਆਏ ਹਨ।

ਇਸਹਾਕ ਡਾਰ ਅਤੇ ਹਿਨਾ ਖਾਰ ਦਾ ਬਿਆਨ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਐੱਸ ਜੈਸ਼ੰਕਰ ਦੇ ਦੌਰੇ ਬਾਰੇ ਕਿਹਾ ਕਿ ਭਾਰਤ ਨਾਲ ਦੁਵੱਲੀ ਗੱਲਬਾਤ ਦੀ ਕੋਈ ਯੋਜਨਾ ਨਹੀਂ ਹੈ। ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕਿਹਾ ਕਿ ਭਾਰਤ ਨੇ ਕਿਸੇ ਹੋਰ ਅਧਿਕਾਰੀ ਨੂੰ ਨਾ ਭੇਜ ਕੇ ਐੱਸ ਜੈਸ਼ੰਕਰ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਇਹ ਉਸ ਦੁਆਰਾ ਬਹੁਤ ਸਮਾਰਟ ਮੂਵ ਹੈ। ਭਾਰਤ 'ਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਵੀ ਜੈਸ਼ੰਕਰ ਦੀ ਪਾਕਿਸਤਾਨ ਫੇਰੀ ਤੋਂ ਬਹੁਤੀ ਉਮੀਦ ਨਹੀਂ ਹੈ।

ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਦੋ ਦਿਨਾਂ (ਅਕਤੂਬਰ 15-16) ਲਈ ਇਸਲਾਮਾਬਾਦ 'ਚ ਹੋਵੇਗਾ। ਮੇਜ਼ਬਾਨ ਪਾਕਿਸਤਾਨ ਤੋਂ ਇਲਾਵਾ ਭਾਰਤ, ਚੀਨ, ਰੂਸ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਪ੍ਰਤੀਨਿਧੀ ਸੰਮੇਲਨ 'ਚ ਪਹੁੰਚੇ ਹਨ। ਸੰਮੇਲਨ 'ਚ ਅੱਤਵਾਦ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ 'ਤੇ ਚਰਚਾ ਹੋਣੀ ਹੈ।


author

Baljit Singh

Content Editor

Related News