ਲੱਗੇਗਾ ਰਾਸ਼ਟਰਪਤੀ ਸ਼ਾਸਨ ! ਪਾਕਿ ਸਰਕਾਰ ਨੇ ਖਿੱਚੀ ਇਸ ਸੂਬੇ ਦੇ CM ਨੂੰ ਹਟਾਉਣ ਦੀ ਤਿਆਰੀ

Tuesday, Dec 02, 2025 - 09:33 AM (IST)

ਲੱਗੇਗਾ ਰਾਸ਼ਟਰਪਤੀ ਸ਼ਾਸਨ ! ਪਾਕਿ ਸਰਕਾਰ ਨੇ ਖਿੱਚੀ ਇਸ ਸੂਬੇ ਦੇ CM ਨੂੰ ਹਟਾਉਣ ਦੀ ਤਿਆਰੀ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਸਰਕਾਰ ਖੈਬਰ ਪਖਤੂਨਖਵਾ ’ਚ ਰਾਸ਼ਟਰਪਤੀ ਸ਼ਾਸਨ ਲਾਉਣ ’ਤੇ ਵਿਚਾਰ ਕਰ ਰਹੀ ਹੈ। ਪਾਕਿਸਤਾਨ ਦੇ ਨਿਆਂ ਰਾਜ ਮੰਤਰੀ ਅਕੀਲ ਮਲਿਕ ਨੇ ਸੋਮਵਾਰ ਨੂੰ ਕਿਹਾ ਕਿ ਪਖਤੂਨਖਵਾ ’ਚ ਸੁਰੱਖਿਆ ਅਤੇ ਪ੍ਰਸ਼ਾਸਨ ਦੀ ਹਾਲਤ ਬਹੁਤ ਵਿਗੜ ਗਈ ਹੈ। 

ਇਕ ਰਿਪੋਰਟ ਦੇ ਅਨੁਸਾਰ ਮਲਿਕ ਨੇ ਕਿਹਾ ਕਿ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਉੱਥੇ ਦੇ ਹਾਲਾਤ ਨੂੰ ਸੁਧਾਰਨ ’ਚ ਬੁਰੀ ਤਰ੍ਹਾਂ ਅਸਫਲ ਹੋ ਰਹੇ ਹਨ। ਉਹ ਨਾ ਤਾਂ ਕੇਂਦਰ ਸਰਕਾਰ ਨਾਲ ਕੋਈ ਤਾਲਮੇਲ ਬਣਾ ਰਹੇ ਹਨ ਅਤੇ ਨਾ ਹੀ ਜ਼ਰੂਰੀ ਖੇਤਰਾਂ ’ਚ ਕੋਈ ਕਾਰਵਾਈ ਕਰ ਰਹੇ ਹਨ। ਇਹ ਬਿਆਨ ਅਫਰੀਦੀ ਦੇ ਕੇਂਦਰੀ ਜੇਲ੍ਹ ਰਾਵਲਪਿੰਡੀ (ਅਦਿਆਲਾ ਜੇਲ੍ਹ) ਦੇ ਬਾਹਰ ਸਾਰੀ ਰਾਤ ਧਰਨਾ ਦੇਣ ਤੋਂ ਕੁਝ ਦਿਨ ਬਾਅਦ ਆਇਆ ਹੈ। 

ਅਫਰੀਦੀ ਅਦਿਆਲਾ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇਜਾਜ਼ਤ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਧਾਰਾ 232 ਅਤੇ 234 ਤਹਿਤ ਪ੍ਰਧਾਨ ਮੰਤਰੀ ਦੀ ਸਲਾਹ ’ਤੇ ਰਾਸ਼ਟਰਪਤੀ ਗਵਰਨਰ ਰੂਲ ਲਾ ਸਕਦੇ ਹਨ। ਇਹ ਪਹਿਲਾਂ ਦੋ ਮਹੀਨਿਆਂ ਲਈ ਹੁੰਦਾ ਹੈ, ਜਿਸ ਨੂੰ ਬਾਅਦ ’ਚ ਲੋੜ ਪੈਣ ’ਤੇ ਵਧਾਇਆ ਜਾ ਸਕਦਾ ਹੈ। ਬਾਅਦ ’ਚ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਤੋਂ ਇਸ ਦੀ ਮਨਜ਼ੂਰੀ ਲੈਣੀ ਪੈਂਦੀ ਹੈ।


author

Harpreet SIngh

Content Editor

Related News