ਪਾਕਿ ਨੇ ਫਿਰ ਕੀਤਾ ਭਾਰਤੀ ਜਹਾਜ਼ ਡੇਗਣ ਦਾ ਦਾਅਵਾ
Wednesday, Dec 03, 2025 - 12:27 AM (IST)
ਇਸਲਾਮਾਬਾਦ, (ਭਾਸ਼ਾ)– ਪਾਕਿਸਤਾਨੀ ਹਵਾਈ ਫੌਜ ਦੇ ਮੁਖੀ ਏਅਰ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੰਧੂ ਨੇ ਬਿਨਾਂ ਕਿਸੇ ਸਬੂਤ ਦੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਫੌਜ ਨੇ ਮਈ ਵਿਚ ਭਾਰਤ ਨਾਲ ਇਕ ਫੌਜੀ ਝੜਪ ਦੌਰਾਨ ‘ਆਧੁਨਿਕ’ ਭਾਰਤੀ ਲੜਾਕੂ ਜਹਾਜ਼ ਅਤੇ ਰੱਖਿਆ ਪ੍ਰਣਾਲੀਆਂ ਨੂੰ ਤਬਾਹ ਕਰ ਦਿੱਤਾ ਸੀ।
ਇਹ ਦਾਅਵੇ ਅਕਤੂਬਰ ਵਿਚ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏ. ਪੀ. ਸਿੰਘ ਦੇ ਇਕ ਬਿਆਨ ਤੋਂ ਬਾਅਦ ਆਏ ਹਨ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਕਾਰਵਾਈ ਵਿਚ ਅਮਰੀਕੀ ਐੱਫ-16 ਲੜਾਕੂ ਜਹਾਜ਼ ਅਤੇ ਚੀਨੀ ਜੇ. ਐੱਫ.-17 ਸਮੇਤ ਘੱਟੋ-ਘੱਟ ਇਕ ਦਰਜਨ ਪਾਕਿਸਤਾਨੀ ਫੌਜੀ ਜਹਾਜ਼ ਤਬਾਹ ਹੋ ਗਏ ਜਾਂ ਨੁਕਸਾਨੇ ਗਏ।
ਖੈਬਰ ਪਖਤੂਨਖਵਾ ਵਿਚ ਪਾਕਿਸਤਾਨ ਹਵਾਈ ਫੌਜ (ਪੀ. ਏ. ਐੱਫ.) ਅਕੈਡਮੀ ਵਿਚ ਇਕ ਪਾਸਿੰਗ-ਆਊਟ ਪਰੇਡ ਨੂੰ ਸੰਬੋਧਨ ਕਰਦੇ ਹੋਏ ਸਿੰਧੂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਨੇ ਭਾਰਤ ਦੇ ‘ਸਭ ਤੋਂ ਆਧੁਨਿਕ ਅਤੇ ਸਮਰੱਥ ਜਹਾਜ਼ਾਂ’ ਨੂੰ ਡੇਗ ਦਿੱਤਾ , ਜਿਨ੍ਹਾਂ ਵਿਚ ਕਈ ਰਾਫੇਲ, ਸੁਖੋਈ-30 ਐੱਮ. ਕੇ. ਆਈ., ਮਿਰਾਜ 2000, ਮਿਗ-29 ਅਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਸ਼ਾਮਲ ਸਨ। ਸਿੰਧੂ ਨੇ ਮਈ ਦੀ ਝੜਪ ਨੂੰ ‘ਇਕ ਭਿਆਨਕ ਹਵਾਈ ਲੜਾਈ’ ਵੀ ਕਰਾਰ ਦਿੱਤਾ।
