'ਸਾਊਦੀ ਪ੍ਰਿੰਸ ਨੇ ਸਾਬਕਾ ਜਾਸੂਸ ਨੂੰ ਮਾਰਨ ਲਈ ਕੈਨੇਡਾ ਭੇਜੀ ਸੀ ਇਹ ਟੀਮ'

08/07/2020 7:59:20 PM

ਟੋਰਾਂਟੋ— ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਸਾਊਦੀ ਅਰਬ ਦੇ ਇਕ ਸਾਬਕਾ ਉੱਚ ਕੋਟੀ ਦੇ ਜਾਸੂਸ ਸਾਦ ਅਲ ਜਬਰੀ ਨੇ ਦੋਸ਼ ਲਾਇਆ ਹੈ ਕਿ ਸਲਮਾਨ ਨੇ ਉਨ੍ਹਾਂ ਨੂੰ ਮਾਰਨ ਲਈ ਕੈਨੇਡਾ 'ਚ ਕਾਤਲਾਂ ਦੀ ਇਕ ਟੀਮ ਭੇਜੀ ਸੀ।

ਸਾਦ ਮੁਤਾਬਕ, ਕਾਤਲਾਂ ਦੀ ਇਹ ਟੀਮ ਪੱਤਰਕਾਰ ਜਮਾਲ ਖ਼ਸ਼ੋਗੀ ਦੀ ਹੱਤਿਆ ਤੋਂ ਕੁਝ ਦਿਨਾਂ ਬਾਅਦ ਹੀ ਕੈਨੇਡਾ ਪਹੁੰਚੀ ਸੀ। ਸੰਯੁਕਤ ਰਾਜ ਅਮਰੀਕਾ ਦੀ ਇਕ ਅਦਾਲਤ 'ਚ ਵੀਰਵਾਰ ਦਾਇਰ ਕੀਤੇ ਗਏ ਇਕ ਸਿਵਲ ਮੁਕੱਦਮੇ 'ਚ ਇਹ ਦਾਅਵਾ ਕੀਤਾ ਗਿਆ ਹੈ।

ਵਾਸ਼ਿੰਗਟਨ ਡੀ. ਸੀ. 'ਚ ਦਾਇਰ ਕੀਤੀ ਗਈ 106 ਪੰਨਿਆਂ ਦੀ ਸ਼ਿਕਾਇਤ 'ਚ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ 'ਤੇ ਦੋਸ਼ ਲਾਇਆ ਗਿਆ ਹੈ ਕਿ 2018 'ਚ ਖ਼ਸ਼ੋਗੀ ਦੀ ਤੁਰਕੀ 'ਚ ਹੱਤਿਆ ਵੀ ਪ੍ਰਿੰਸ ਸਲਮਾਨ ਵੱਲੋਂ ਭੇਜੇ ਗਏ ਕਾਤਲਾਂ ਦੇ ਇਸੇ ਦਲ ਨੇ ਕੀਤੀ ਸੀ। ਡਾਕਟਰ ਜਬਰੀ ਤਕਰੀਬਨ 3 ਸਾਲ ਪਹਿਲਾਂ ਸਾਊਦੀ ਛੱਡ ਕੇ ਕੈਨੇਡਾ ਚਲੇ ਗਏ ਸਨ ਅਤੇ ਨਿੱਜੀ ਸੁਰੱਖਿਆ 'ਚ ਟੋਰਾਂਟੋ 'ਚ ਰਹਿੰਦੇ ਹਨ। ਅਦਾਲਤ ਦੇ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਦੇ ਹਿਟਮੈਨ ਉਸ ਸਮੇਂ ਅਸਫਲ ਹੋ ਗਏ ਜਦੋਂ ਕੈਨੇਡਾ ਦੇ ਬਾਰਡਰ ਏਜੰਟਾਂ ਨੂੰ ਉਨ੍ਹਾਂ 'ਤੇ ਸ਼ੱਕ ਹੋ ਗਿਆ। ਇਹ ਲੋਕ ਉਸ ਸਮੇਂ ਟੋਰਾਂਟੋ ਹਵਾਈ ਅੱਡੇ ਜ਼ਰੀਏ ਕੈਨੇਡਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਡਾ. ਜਬਰੀ ਲੰਮੇ ਸਮੇਂ ਤੱਕ ਸਾਊਦੀ ਅਰਬ 'ਚ ਬ੍ਰਿਟੇਨ ਦੀ ਖੁਫੀਆ ਏਜੰਸੀ ਐੱਮ-16 ਅਤੇ ਹੋਰ ਪੱਛਮੀ ਖੁਫੀਆ ਲਈ ਕੰਮ ਕਰਦੇ ਰਹੇ ਹਨ।

ਜਬਰੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਊਦੀ ਪ੍ਰਿੰਸ ਬਾਰੇ ਕਈ ਮਹੱਤਵਪੂਰਨ ਸੂਚਨਾਵਾਂ ਹਨ। ਬਹੁਤ ਘੱਟ ਲੋਕ ਬਿਨ ਸਲਮਾਨ ਦੇ ਕਥਿਤ ਤੌਰ 'ਤੇ ਭ੍ਰਿਸ਼ਟ ਕਾਰੋਬਾਰਾਂ ਦੀ ਸੌਦੇਬਾਜ਼ੀ 'ਚ ਸ਼ਾਮਲ ਹੋਣ ਅਤੇ ਉਸ ਵੱਲੋਂ ਬਣਾਈ 'ਟਾਈਗਰ ਸਕੁਐਡ' ਨਾਮਕ ਨਿੱਜੀ ਭਾੜੇਦਾਰਾਂ ਦੀ ਟੀਮ ਬਾਰੇ ਜਾਣਦੇ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਪ੍ਰਿੰਸ ਨੇ ਕਈ ਵਾਰ ਉਨ੍ਹਾਂ ਨੂੰ ਸਾਊਦੀ ਵਾਪਸ ਆਉਣ ਲਈ ਕਿਹਾ, ਕਈ ਵਾਰ ਤਾਂ ਖੁਦ ਹੀ ਮੈਸੇਜ ਕੀਤੇ। ਅਜਿਹੇ ਹੀ ਇਕ ਮੈਸੇਜ 'ਚ ਸਾਊਦੀ ਪ੍ਰਿੰਸ ਨੇ ਕਿਹਾ ਸੀ, 'ਅਸੀਂ ਨਿਸ਼ਚਿਤ ਤੌਰ 'ਤੇ ਤੁਹਾਡੇ ਕੋਲ ਪਹੁੰਚ ਜਾਵਾਂਗੇ।'


Sanjeev

Content Editor

Related News