ਸਾਊਦੀ ਹਜ ਮੁਸਾਫ਼ਰਾਂ ਕੋਲੋਂ ਵਸੂਲੇਗਾ ਵੀਜ਼ਾ ਫੀਸ, ਇਕਾਂਤਵਾਸ ਵੀ ਹੋਣਾ ਪਵੇਗਾ
Thursday, Dec 17, 2020 - 07:17 PM (IST)
ਰਿਆਦ- ਸਾਲ 2021 ਵਿਚ ਹਰੇਕ ਹਜ ਯਾਤਰੀ ਨੂੰ ਉਡਾਣ ਤੋਂ 72 ਘੰਟੇ ਪਹਿਲਾਂ ਆਰ. ਟੀ.-ਪੀ. ਸੀ. ਆਰ. ਟੈਸਟ ਕੋਰੋਨਾ ਹੋਵੇਗਾ। ਹਜ ਤੋਂ ਪਹਿਲਾਂ ਸਾਊਦੀ ਅਰਬ ’ਚ ਇਕਾਂਤਵਾਸ ਵੀ ਹੋਣਾ ਪਵੇਗਾ। ਇਸ ਵਾਰ ਸਾਊਦੀ ਅਰਬ ਵੀਜ਼ਾ ਫੀਸ ਦੇ ਨਾਂ ’ਤੇ ਹਜ ਯਾਤਰੀਆਂ ਕੋਲੋਂ 300 ਰਿਆਲ ਵਸੂਲੇਗਾ। ਵੈਟ ਦੀ ਦਰ ਵੀ ਉਸ ਨੇ 5 ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤੀ ਹੈ। ਮੁੰਬਈ ਤੋਂ ਜਾਣ ਵਾਲੇ ਹਰ ਯਾਤਰੀ ਦਾ 3 ਲੱਖ 61 ਹਜ਼ਾਰ 927 ਰੁਪਏ ਦਾ ਖਰਚ ਸੰਭਾਵਤ ਹੈ। ਕੋਵਿਡ-19 ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਹਦਾਇਤਾਂ ਨਾਲ ਹਜ ਕਰਨਾ ਹੋਵੇਗਾ।
ਸਾਊਦੀ ਸਰਕਾਰ ਨੇ ਮੱਕਾ-ਮਦੀਨਾ ਵਿਚ ਆਵਾਜਾਈ ਅਤੇ ਰਿਹਾਇਸ਼ੀ ਪ੍ਰਬੰਧਾਂ ਵਿਚ ਵੀ ਤਬਦੀਲੀ ਕਰ ਦਿੱਤੀ ਹੈ। ਇਹ ਪਹਿਲਾਂ ਦੇ ਮੁਕਾਬਲੇ 25 ਤੋਂ 40 ਫ਼ੀਸਦੀ ਤੱਕ ਮਹਿੰਗੀ ਹੋ ਗਈ ਹੈ। ਸਾਊਦੀ ਪਹਿਲੀ ਵਾਰ ਹਜ ਯਾਤਰੀਆਂ ਕੋਲੋਂ ਫੀਸ ਵਸੂਲੀ ਦੇ ਨਾਂ ’ਤੇ 300 ਰਿਆਲ ਵਸੂਲੇਗਾ। ਭਾਰਤੀ ਕਰੰਸੀ ਵਿਚ ਇਹ 6 ਹਜ਼ਾਰ ਰੁਪਏ ਤੋਂ ਕੁਝ ਜ਼ਿਆਦਾ ਰਾਸ਼ੀ ਹੋਵੇਗੀ। ਦੂਜੇ ਪਾਸੇ ਹਜ ਕਮੇਟੀ ਆਫ਼ ਇੰਡੀਆ ਪ੍ਰੋਸੈਸਿੰਗ ਫੀਸ ਦੇ 300 ਰੁਪਏ ਲਏਗੀ।
ਇਸ ਵਾਰ ਗਰਭਵਤੀ ਔਰਤਾਂ ਨੂੰ ਹਜ ਯਾਤਰਾ ’ਤੇ ਜਾਣ ਦੀ ਇਜਾਜ਼ਤ ਨਹੀਂ ਹੈ। ਇਸੇ ਤਰ੍ਹਾਂ ਕਿਡਨੀ, ਲੀਵਰ, ਕੈਂਸਰ, ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਰੋਗੀਆਂ ਦੀ ਹਜ ਯਾਤਰਾ ’ਤੇ ਵੀ ਉਨ੍ਹਾਂ ਦੀ ਸਿਹਤ ਸੁਰੱਖਿਆ ਖਾਤਰ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ, ਪਰ 65 ਸਾਲ ਤੋਂ ਵੱਧ ਉਮਰ ਦੇ ਲੋਕ ਵੀ ਹਜ ’ਤੇ ਨਹੀਂ ਜਾ ਸਕਣਗੇ। ਹਜ (2021) ਲਈ ਚੁਣੇ ਜਾਣ ਮਗਰੋਂ ਜੇਕਰ ਯਾਤਰੀ ਆਪਣੀ ਅਰਜ਼ੀ ਰੱਦ ਕਰਵਾਉਂਦਾ ਹੈ ਤਾਂ ਉਸ ਨੂੰ ਪੈਸੇ ਦੇਣੇ ਹੋਣਗੇ। 31 ਮਾਰਚ ਤੱਕ ਦੀ ਮਿਆਦ ਵਿਚ 1 ਹਜ਼ਾਰ, 1 ਤੋਂ 30 ਅਪ੍ਰੈਲ ਤੱਕ 5 ਹਜ਼ਾਰ ਤੇ ਉਡਾਣ ਵਾਲੇ ਦਿਨ ਅਰਜ਼ੀ ਰੱਦ ਕਰਵਾਉਣ ’ਤੇ 25 ਹਜ਼ਾਰ ਜਾਂ ਇਕ ਪਾਸੇ ਦੇ ਕਿਰਾਏ ਦੀ ਰਾਸ਼ੀ ਦੇ ਬਰਾਬਰ ਰਾਸ਼ੀ ਵਸੂਲੀ ਜਾਵੇਗੀ।
45 ਸੀਟਰ ਬੱਸ 'ਚ 15 ਯਾਤਰੀ ਹੀ ਬੈਠ ਸਕਣਗੇ-
ਮੱਕਾ-ਮਦੀਨਾ ਵਿਚ 45 ਸੀਟਰ ਬੱਸ ਵਿਚ 15 ਯਾਤਰੀ ਹੀ ਬੈਠ ਸਕਣਗੇ। ਇਸ ਦਾ ਕਿਰਾਇਆ 3 ਗੁਣਾ ਜ਼ਿਆਦਾ ਦੇਣਾ ਹੋਵੇਗਾ। ਇਸ ਤੋਂ ਇਲਾਵਾ ਹਜ ਦੀ ਮਿਆਦ 30 ਤੋਂ 35 ਦਿਨ ਰਹੇਗੀ। ਹਜ ਕਮੇਟੀ ਆਫ਼ ਇੰਡੀਆ (ਮੁੰਬਈ) ਦੇ ਸੀ. ਈ. ਓ. ਐੱਮ. ਏ. ਖਾਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਸਾਊਦੀ ਅਰਬ ਸਰਕਾਰ ਨੇ ਜੇਕਰ ਪ੍ਰਬੰਧਾਂ ਅਤੇ ਦਿਸ਼ਾ-ਨਿਰਦੇਸ਼ਾਂ ਵਿਚ ਕੋਈ ਬਦਲਾਅ ਕੀਤਾ ਤਾਂ ਇਸ ਸਬੰਧੀ ਯਾਤਰੀਆਂ ਨੂੰ ਸੂਚਤ ਕਰ ਦਿੱਤਾ ਜਾਵੇਗਾ। ਭੋਪਾਲ ਸਣੇ ਪ੍ਰਦੇਸ਼ ਤੋਂ ਜਾਣ ਵਾਲੇ ਭਾਰਤੀਆਂ ਦੀ ਯਾਤਰੀਆਂ ਦਾ ਅੰਦਾਜ਼ਨ ਖਰਚ ਹਜ ਕਮੇਟੀ ਆਫ਼ ਇੰਡੀਆ ਨੇ 3 ਲੱਖ 61 ਹਜ਼ਾਰ 927 ਰੁਪਏ ਅੰਕਿਆ ਹੈ। ਪਹਿਲੀ ਕਿਸ਼ਤ ਡੇਢ ਲੱਖ ਦੇਣੀ ਹੋਵੇਗੀ।