ਸਾਊਦੀ ਨੇ ਸਾਰੇ ਦੇਸ਼ਾਂ ਨੂੰ ਦਿੱਤੀ ਆਪਣੇ ਹਵਾਈ ਖੇਤਰ ''ਚੋਂ ਲੰਘਣ ਦੀ ਹਰੀ ਝੰਡੀ
Wednesday, Sep 02, 2020 - 07:58 PM (IST)
ਦੁਬਈ- ਸਾਊਦੀ ਅਰਬ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਆਉਣ-ਜਾਣ ਵਾਲੀਆਂ ਸਾਰੇ ਦੇਸ਼ਾਂ ਦੀਆਂ ਉਡਾਣਾਂ ਨੂੰ ਆਪਣੇ ਹਵਾਈ ਖੇਤਰ ਵਿਚੋਂ ਲੰਘਣ ਦੀ ਬੁੱਧਵਾਰ ਨੂੰ ਇਜਾਜ਼ਤ ਦੇ ਦਿੱਤੀ।
ਇਸ ਦੇ ਲਈ ਜਾਰੀ ਕੀਤੇ ਇਕ ਬਿਆਨ ਵਿਚ ਸਾਊਦੀ ਨੇ ਇਜ਼ਰਾਈਲ ਦਾ ਨਾਮ ਲਏ ਬਿਨਾਂ ਉਸ ਦੀਆਂ ਉਡਾਣਾਂ ਨੂੰ ਸਿੱਧੇ ਮਨਜ਼ੂਰੀ ਦਿੱਤੀ ਗਈ। ਇਸ ਘਟਨਾਕ੍ਰਮ ਨੂੰ ਇਜ਼ਰਾਇਲ-ਸੰਯੁਕਤ ਅਰਬ ਅਮੀਰਾਤ ਦੇ ਸਬੰਧਾਂ ਨੂੰ ਸਾਧਾਰਣ ਬਣਾਉਣ ਦੀਆਂ ਅਮਰੀਕਾ ਦੀਆਂ ਕੋਸ਼ਿਸ਼ਾਂ ਪ੍ਰਤੀ ਸਾਊਦੀ ਦੀ ਰਜ਼ਾਮੰਦੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਸਾਊਦੀ ਅਰਬ ਨੇ ਇਜ਼ਰਾਇਲ ਦੀ ਸੰਯੁਕਤ ਅਰਬ ਅਮੀਰਾਤ ਲਈ ਪਹਿਲੀ ਸਿੱਧੀ ਵਪਾਰਕ ਯਾਤਰਾ ਉਡਾਣ ਨੂੰ ਉਸ ਦੇ ਹਵਾਈ ਖੇਤਰ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ ਵਿਚਕਾਰ ਕਿਸੇ ਵੀ ਸਿੱਧੀ ਉਡਾਣ ਨੂੰ ਵਪਾਰਕ ਤੌਰ 'ਤੇ ਵਿਵਹਾਰਕ ਬਣਾਉਣ ਲਈ ਸਾਊਦੀ ਅਰਬ ਦੇ ਹਵਾਈ ਖੇਤਰ ਦੀ ਵਰਤੋਂ ਕਰਨੀ ਪੈਂਦੀ ਹੈ। ਬਿਆਨ ਵਿਚ ਸਾਊਦੀ, ਈਰਾਨ ਅਤੇ ਕਤਰ ਵਰਗੇ ਦੇਸ਼ਾਂ ਦਾ ਨਾਮ ਨਹੀਂ ਲਿਆ ਗਿਆ ਹੈ। ਹਾਲਾਂਕਿ ਇਸ ਸਮੇਂ ਸਾਊਦੀ ਅਰਬ ਇਨ੍ਹਾਂ ਦੋਵਾਂ ਦੇਸ਼ਾਂ ਦਾ ਬਾਈਕਾਟ ਕਰ ਰਿਹਾ ਹੈ। ਸਾਊਦੀ ਪ੍ਰੈੱਸ ਏਜੰਸੀ ਨੇ ਕਿਹਾ ਕਿ ਯੂ. ਏ. ਈ. ਦੀ ਅਪੀਲ 'ਤੇ ਇਹ ਫੈਸਲਾ ਲਿਆ ਗਿਆ ਹੈ।
ਇਜ਼ਰਾਇਲ ਦੇ ਪੀ. ਐੱਮ. ਬੈਂਜਾਮਿਨ ਨੇਤਨਯਾਹੂ ਨੇ ਇਕ ਆਨਲਾਈਨ ਵੀਡੀਓ ਵਿਚ ਇਸ ਘੋਸ਼ਣਾ ਦੀ ਸਿਫਤ ਕੀਤੀ। ਉਨ੍ਹਾਂ ਕਿਹਾ ਕਿ ਸਾਲਾਂ ਤੋਂ ਉਹ ਇਜ਼ਰਾਇਲ ਅਤੇ ਪੂਰਬ ਵਿਚਕਾਰ ਹਵਾਈ ਖੇਤਰ ਨੂੰ ਖੋਲ੍ਹਣ ਲਈ ਕੰਮ ਕਰ ਰਿਹਾ ਹਾਂ ਤੇ ਹੁਣ ਇਹ ਮੌਕਾ ਆ ਗਿਆ ਹੈ। ਇਜ਼ਰਾਇਲੀ ਜਹਾਜ਼ ਹੁਣ ਸਿੱਧੇ ਆਬੂਧਾਬੀ ਅਤੇ ਦੁਬਈ ਆਉਣਾ-ਜਾਣਾ ਸ਼ੁਰੂ ਕਰ ਸਕਣਗੇ। ਇਸ ਨਾਲ ਉਡਾਣਾਂ ਸਸਤੀਆਂ ਹੋਣਗੀਆਂ ਤੇ ਸੈਲਾਨੀਆਂ ਦੇ ਆਉਣ ਨਾਲ ਅਰਥ ਵਿਵਸਥਾ ਨੂੰ ਤਾਕਤ ਮਿਲੇਗੀ।