ਇਹ ਹੈ ਸਾਊਦੀ ਅਰਬ ਦੇ ਕਿੰਗ ਦਾ ਸੋਨੇ ਨਾਲ ਜੜਿਆ ਮਹਿਲ, ਇਸ ਤਰ੍ਹਾਂ ਜਿਉਂਦੇ ਨੇ ਲਗਜ਼ਰੀ ਲਾਈਫ
Monday, Jun 26, 2017 - 06:01 PM (IST)

ਰਿਆਦ— ਸਾਊਦੀ ਅਰਬ ਦੇ ਨਵੇਂ ਪ੍ਰਿੰਸ ਨੂੰ ਲੈ ਕੇ ਇਨ੍ਹਾਂ ਦਿਨੀਂ ਲਗਾਤਾਰ ਸੁਰਖੀਆਂ ਬਣੀਆਂ ਹੋਈਆਂ ਹਨ। ਸਾਊਦੀ ਕਿੰਗ ਸਲਮਾਨ ਆਪਣੇ ਬੇਟੇ ਮੁਹੰਮਦ ਬਿਨ ਸਲਮਾਨ ਨੂੰ ਕਰਾਊਨ ਪ੍ਰਿੰਸ ਦੇ ਹੱਥ 'ਚ ਦੇਸ਼ ਦੀ ਵਾਂਗਡੋਰ ਸੌਂਪਣਗੇ। ਸਾਊਦੀ ਅਰਬ ਦੇ ਸੁਲਤਾਨ ਦੀ ਜ਼ਿੰਦਗੀ ਐਸ਼ੋ ਆਰਾਮ ਨਾਲ ਭਰੀ ਹੁੰਦੀ ਹੈ। ਸੋਨੇ ਦੇ ਮਹਿਲ ਤੋਂ ਲੈ ਕੇ ਫੁੱਟਬਾਲ ਮੈਦਾਨ ਦੇ ਬਰਾਬਰ ਉਨ੍ਹਾਂ ਕੋਲ ਯਾਟ ਯਾਨੀ ਕਿ ਸਮੁੰਦਰੀ ਸ਼ਿਪ ਹੈ। ਇੱਥੇ ਅਸੀਂ ਸੁਲਤਾਨ ਨੂੰ ਮਿਲਣ ਵਾਲੀ ਅਜਿਹੀ ਹੀ ਲਗਜ਼ਰੀ ਲਾਈਫ ਬਾਰੇ ਦੱਸ ਰਹੇ ਹਾਂ—
ਮੈਗਾ ਯਾਟ— ਕਿੰਗ ਸਲਮਾਨ ਦਾ ਮੈਗਾ ਯਾਟ ਯਾਨੀ ਕਿ ਸਮੁੰਦਰੀ ਸ਼ਿਪ ਹੈ, ਜਿਸ ਦਾ ਨਾਂ ਅਲ ਸਲਮਾਹ ਹੈ। ਇਹ ਯਾਟ ਦੁਨੀਆ ਦੇ 10 ਸਭ ਤੋਂ ਵੱਡੇ ਯਾਟ 'ਚੋਂ ਇਕ ਹੈ। 139 ਮੀਟਰ ਲੰਬੇ ਇਸ ਯਾਟ 'ਚ 22 ਕੈਬਿਨ ਅਤੇ 37 ਕਰੂ ਮੈਂਬਰ ਮੌਜੂਦ ਹਨ। ਇਸ 'ਚ 40 ਮਹਿਮਾਨ ਅਤੇ 94 ਕਰੂ ਮੈਂਬਰ ਆਰਾਮ ਨਾਲ ਰਹਿ ਸਕਦੇ ਹਨ। ਇਸ 'ਚ ਹਸਪਤਾਲ, ਸਿਨੇਮਾ, ਜਿਮ, ਸਲੂਨ, ਸਪਾ, ਲਾਈਬ੍ਰੇਰੀ ਅਤੇ ਸੈਕ੍ਰਟਰੀ ਦਫਤਰ ਤੋਂ ਲੈ ਕੇ ਸਭ ਕੁਝ ਮੌਜੂਦ ਹੈ। ਇਸ ਨੂੰ ਇਕ ਜਰਮਨ ਕੰਪਨੀ ਨੇ ਬਣਾਇਆ ਹੈ।
ਇਰਗਾ ਪੈਲੇਸ— ਰਿਆਦ 'ਚ ਸਾਊਦੀ ਕਿੰਗ ਦਾ ਇਰਗਾ ਪੈਲੇਸ ਹੈ, ਜੋ ਕਿ ਸੋਨੇ ਨਾਲ ਜੜਿਆ ਹੋਇਆ ਹੈ। ਇਸ 'ਚ ਸਟਾਫ ਅਤੇ ਸ਼ਾਹੀ ਪਰਿਵਾਰ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਹੈ। ਸਾਊਦੀ ਕਿੰਗ ਆਪਣੇ ਮਹਿਮਾਨਾਂ ਦਾ ਸਵਾਗਤ ਇਸੇ ਪੈਲੇਸ ਵਿਚ ਕਰਦੇ ਹਨ।
ਇਕੱਠੇ 100 ਸੁਰੱਖਿਆ ਕਰਮਚਾਰੀ— ਕਿੰਗ ਸਲਮਾਨ ਜਦੋਂ ਵੀ ਕਿਤੇ ਟੂਰ 'ਤੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਲੰਬੀ-ਚੌੜੀ ਟੀਮ ਅਤੇ ਸੁਰੱਖਿਆ ਕਰਮਚਾਰੀ ਮੌਜੂਦ ਹੁੰਦੇ ਹਨ। ਕੁਝ ਮਹੀਨੇ ਪਹਿਲਾਂ ਜਦੋਂ ਉਹ ਇੰਡੋਨੇਸ਼ੀਆ ਦੇ ਟੂਰ 'ਤੇ ਪਹੁੰਚੇ ਸਨ ਤਾਂ ਉਨ੍ਹਾਂ ਨਾਲ 1500 ਲੋਕਾਂ ਦੀ ਫੌਜ ਸੀ, ਜਿਸ 'ਚ 100 ਤਾਂ ਉਨ੍ਹਾਂ ਦਾ ਸਕਿਓਰਿਟੀ ਸਟਾਫ ਸੀ।
ਸ਼ਾਹੀ ਪਰਿਵਾਰ ਲਈ ਵੱਖਰਾ ਸਕੂਲ— ਰਿਆਦ 'ਚ ਸਾਊਦੀ ਦੇ ਸ਼ਾਹੀ ਪਰਿਵਾਰ ਲਈ ਖਾਸ ਤੌਰ 'ਤੇ ਇਕ ਸਕੂਲ ਹੈ। ਕਿਹਾ ਜਾਂਦਾ ਹੈ ਕਿ ਇਸ ਨੂੰ ਸਾਬਕਾ ਕਿੰਗ ਨੇ ਬਣਵਾਇਆ ਸੀ। ਸਾਊਦੀ ਕਿੰਗ ਸਲਮਾਨ ਨੇ ਵੀ ਇਸੇ ਸਕੂਲ ਤੋਂ ਪੜ੍ਹਾਈ ਕੀਤੀ ਹੈ।