ਸਾਊਦੀ ਅਰਬ ਨੇ ਭਾਰਤ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ
Thursday, Sep 24, 2020 - 02:08 AM (IST)

ਨਵੀਂ ਦਿੱਲੀ - ਸਾਊਦੀ ਅਰਬ ਨੇ ਕੋਰੋਨਵਾਇਰਸ ਲਾਗ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਭਾਰਤ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਣਾਂ 'ਤੇ ਮੰਗਲਵਾਰ ਨੂੰ ਰੋਕ ਲਾ ਦਿੱਤੀ ਹੈ। ਇਕ ਅਧਿਕਾਰਕ ਦਸਤਾਵੇਜ਼ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਮੰਗਲਵਾਰ ਨੂੰ ਜਾਰੀ ਇਕ ਆਦੇਸ਼ ਵਿਚ ਸਾਊਦੀ ਅਰਬ ਦੇ ਸਿਵਲ ਏਵੀਏਸ਼ਨ ਅਥਾਰਟੀ (ਜੀ. ਏ. ਸੀ. ਏ.) ਨੇ ਕਿਹਾ ਕਿ ਉਹ ਹੇਠ ਲਿਖੇ ਦੇਸ਼ਾਂ (ਭਾਰਤ, ਬ੍ਰਾਜ਼ੀਲ ਅਤੇ ਅਰਜਨਟੀਨਾ) ਤੋਂ ਆਉਣ ਅਤੇ ਜਾਣ ਵਾਲੀਆਂ ਯਾਤਰਾਵਾਂ ਨੂੰ ਰੱਦ ਕਰ ਰਿਹਾ ਹੈ ਇਸ ਵਿਚ ਅਜਿਹੇ ਵਿਅਕਤੀ ਵੀ ਸ਼ਾਮਲ ਹਨ ਜੋ ਸਾਊਦੀ ਅਰਬ ਆਉਣ ਤੋਂ 14 ਦਿਨ ਪਹਿਲਾਂ ਕਿਸੇ ਵੀ ਦੇਸ਼ (ਭਾਰਤ, ਬ੍ਰਾਜ਼ੀਲ ਅਤੇ ਅਰਜਨਟੀਨਾ) ਵਿਚ ਗਏ ਹਨ। ਆਦੇਸ਼ ਵਿਚ ਅਜਿਹੇ ਯਾਤਰੀਆਂ ਨੂੰ ਛੋਟ ਦਿੱਤੀ ਗਈ ਹੈ ਜਿਨਾਂ ਕੋਲ ਅਧਿਕਾਰਕ ਸਰਕਾਰੀ ਸੱਦਾ ਹੈ।
ਸਾਊਦੀ ਅਰਬ ਅਤੇ ਯੂ. ਏ. ਈ. ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਰਤੀ ਰਹਿੰਦੇ ਹਨ। 5 ਦਿਨ ਪਹਿਲਾਂ ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ ਸੀ ਕਿ ਦੁਬਈ ਸਿਵਲ ਏਵੀਏਸ਼ਨ (ਡੀ. ਸੀ. ਏ. ਏ.) ਨੇ 28 ਅਗਸਤ ਅਤੇ 4 ਸਤੰਬਰ ਨੂੰ 2 ਅਜਿਹੇ ਯਾਤਰੀਆਂ ਨੂੰ ਲਿਆਉਣ ਕਾਰਨ ਉਨ੍ਹਾਂ ਦੀ ਉਡਾਣ 'ਤੇ 24 ਘੰਟੇ ਦੀ ਰੋਕ ਲਾਈ ਹੈ ਜਿਨਾਂ ਕੋਲ ਕੋਰੋਨਾਵਾਇਰਸ ਲਾਗ ਦੀ ਪੁਸ਼ਟੀ ਕਰਨ ਵਾਲਾ ਪ੍ਰਮਾਣ ਪੱਤਰ ਸੀ। ਇਕ ਦਿਨ ਦੀ ਰੋਕ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਨੇ ਸ਼ਨੀਵਾਰ ਤੋਂ ਦੁਬਈ ਲਈ ਉਡਾਣਾਂ ਸ਼ੁਰੂ ਕੀਤੀਆਂ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਸਰਕਾਰ ਦੇ ਨਿਯਮਾਂ ਮੁਤਾਬਕ ਭਾਰਤ ਤੋਂ ਯਾਤਰਾ ਕਰਨ ਵਾਲੇ ਹਰ ਇਕ ਯਾਤਰੀ ਨੂੰ ਯਾਤਰ ਤੋਂ 96 ਘੰਟੇ ਪਹਿਲਾਂ ਆਰ. ਟੀ.-ਪੀ. ਸੀ. ਆਰ. ਪ੍ਰੀਖਣ ਕਰਾਉਣਾ ਹੋਵੇਗਾ ਅਤੇ ਉਨਾਂ ਕੋਲ ਪ੍ਰੀਖਣ ਵਿਚ ਲਾਗ ਦੀ ਪੁਸ਼ਟੀ ਨਾ ਹੋਣ ਵਾਲਾ ਪ੍ਰਮਾਣ ਪੱਤਰ ਹੋਣਾ ਲਾਜ਼ਮੀ ਹੈ।