ਮਨੁੱਖੀ ਅਧਿਕਾਰਾਂ ਨੂੰ ਲੈ ਕੇ 36 ਦੇਸ਼ਾਂ ਨੇ ਕੀਤੀ ਸਾਊਦੀ ਅਰਬ ਦੀ ਆਲੋਚਨਾ
Friday, Mar 08, 2019 - 06:46 PM (IST)

ਲੰਡਨ (ਏਜੰਸੀ)- ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ 36 ਦੇਸ਼ਾਂ ਨੇ ਸਾਊਦੀ ਅਰਬ ਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ.ਐਨ.ਐਚ.ਆਰ.ਸੀ.) ਦੀ ਵੀਰਵਾਰ ਨੂੰ ਜੇਨੇਵਾ ਵਿਚ ਹੋਈ ਮੀਟਿੰਗ ਵਿਚ ਇਨ੍ਹਾਂ ਦੇਸ਼ਾਂ ਵਲੋਂ ਦਸਤਖਤ ਕੀਤੀ ਇਕ ਚਿੱਠੀ ਪੜ੍ਹੀ ਗਈ। ਇਸ ਵਿਚ ਸਾਊਦੀ ਅਰਬ ਵਿਚ ਮਹਿਲਾ ਮਨੁੱਖੀ ਅਧਿਕਾਰ ਕਾਰਕੁੰਨਾਂ ਨਾਲ ਹੋ ਰਹੀ ਜ਼ੁਲਮਾਂ ਦੀ ਵੀ ਸਖ਼ਤ ਆਲੋਚਨਾ ਕੀਤੀ ਗਈ। ਇਨ੍ਹਾਂ ਦੇਸ਼ਾਂ ਵਿਚ ਯੂਰਪੀ ਸੰਘ ਦੇ ਮੈਂਬਰਾਂ ਤੋਂ ਇਲਾਵਾ ਆਸਟ੍ਰੇਲੀ, ਆਈਸਲੈਂਡ, ਨਿਊਜ਼ੀਲੈੰਡ, ਮੋਨਾਕੋ, ਨਾਰਵੇ ਅਤੇ ਕੈਨੇਡਾ ਸ਼ਾਮਲ ਹਨ। ਯੂ.ਐਨ.ਐਚ.ਆਰ.ਸੀ. ਦੀ ਇਸ ਮੀਟਿੰਗ ਵਿਚ ਰਾਸ਼ਟਰਾਂ ਨੇ ਸਾਂਝੇ ਤੌਰ 'ਤੇ ਸਾਊਦੀ ਸਰਕਾਰ ਤੋਂ ਜੇਲ ਵਿਚ ਬੰਦ ਅਤੇ ਤਸੀਹਿਆਂ ਦੀ ਸ਼ਿਕਾਰ ਮਹਿਲਾ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਸਾਊਦੀ ਸਰਕਾਰ ਨੇ ਔਰਤਾਂ ਦੇ ਅਧਿਕਾਰ ਲਈ ਆਵਾਜ਼ ਚੁੱਕਣ ਵਾਲੀਆਂ ਕਈ ਕਾਰਕੁੰਨਾਂ 'ਤੇ ਮੁਕੱਦਮਾ ਚਲਾ ਕੇ ਉਨ੍ਹਾਂ ਨੂੰ ਜੇਲ ਵਿਚ ਸੁੱਟ ਦਿੱਤਾ ਹੈ। ਮੀਡੀਆ ਦੀਆਂ ਇਨ੍ਹਾਂ ਔਰਤਾਂ ਤੱਕ ਪਹੁੰਚਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਮੀਟਿੰਗ ਵਿਚ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਵਿਚ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਸ਼ਮੂਲੀਅਤ ਦੀ ਗੱਲ ਵੀ ਉੱਠੀ।