ਸੰਤ ਅਸ਼ੋਕ ਲੰਕੇਸ਼ ਰਿਸ਼ੀ ਦਾ ਇਟਲੀ ਪਹੁੰਚਣ ਮੌਕੇ ਨਿੱਘਾ ਸਵਾਗਤ
Wednesday, Oct 23, 2024 - 07:48 PM (IST)
ਰੋਮ (ਕੈਂਥ) : ਸਨਾਤਨ ਧਰਮ ਦੇ ਮਹਾਨ ਗ੍ਰੰਥ 'ਸ਼੍ਰੀ ਰਮਾਇਣ' ਦੇ ਰਚੇਤਾ ਦੂਰਦਰਸ਼ੀ ਤਿਰਲੋਕੀ ਗਿਆਤਾ ਭਗਵਾਨ ਵਾਲਮੀਕਿ ਜੀ, ਜਿਨ੍ਹਾਂ ਦਾ ਸਮੁੱਚਾ ਜੀਵਨ ਮਨੁੱਖਜਾਤੀ ਲਈ ਪ੍ਰੇਰਿਨਾ ਦਾਇਕ ਹੈ, ਉਨ੍ਹਾਂ ਦੇ ਨਾਮ ਉਪਰ ਚੱਲ ਰਿਹਾ ਵਾਲਮੀਕਿ ਧਰਮ, ਜਿਸ ਦਾ ਪ੍ਰਚਾਰ ਕਰਨ ਲਈ ਭਾਰਤ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਪਹਿਲੀ ਵਾਰ ਯੂਰਪ ਫੇਰੀ ਉਪਰ ਆਏ ਸੰਤ ਅਸ਼ੋਕ ਲੰਕੇਸ਼ ਰਿਸ਼ੀ ਦਾ ਇਟਲੀ ਦੇ ਸ਼ਹਿਰ ਲਵੀਨਿਆ ਵਿਖੇ ਪਹੁੰਚਣ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਸਭਾ ਰੋਮ ਦੇ ਪ੍ਰਧਾਨ ਦਲਬੀਰ ਭੱਟੀ ਦੇ ਗ੍ਰਹਿ ਵਿਖੇ ਨਿੱਘਾ ਸਵਾਗਤ ਕੀਤਾ ਗਿਆ।
ਸੰਤ ਅਸ਼ੋਕ ਲੰਕੇਸ਼ ਰਿਸ਼ੀ ਵਾਲਮੀਕਿ ਧਰਮ ਪ੍ਰਚਾਰ ਯਾਤਰਾ ਯੂਰਪ ਦੀ ਯਾਤਰਾ ਦੌਰਾਨ ਵੱਖ-ਵੱਖ ਧਾਰਮਿਕ ਅਸਥਾਨਾਂ 'ਚ ਸੰਗਤਾਂ ਨਾਲ ਵਿਚਾਰ ਵਟਾਂਦਰੇ ਕਰਨੇ ਜਿਨ੍ਹਾਂ 'ਚ ਉਹ 26-27 ਅਕਤੂਬਰ ਨੂੰ ਭਗਵਾਨ ਵਾਲਮੀਕਿ ਸਾਂਮਾਰਕੇ ਮੰਦਿਰ, 2 ਨਵੰਬਰ ਨੂੰ ਭਗਵਾਨ ਵਾਲਮੀਕਿ ਸਭਾ ਰੋਮ ਤੇ ਭਗਵਾਨ ਵਾਲਮੀਕਿ ਸਭਾ ਬਰੇਸ਼ੀਆ ਤੇ 10 ਨਵੰਬਰ ਨੂੰ ਭਗਵਾਨ ਵਾਲਮੀਕਿ ਸਭਾ ਪੈਰਿਸ (ਫਰਾਂਸ) ਵਿਖੇ ਸੰਗਤਾਂ ਨੂੰ ਦਰਸ਼ਨ ਦੇਣਗੇ। ਇਸ ਮੌਕੇ ਵੱਖ-ਵੱਖ ਭਗਵਾਨ ਵਾਲਮੀਕਿ ਸਭਾਵਾਂ ਵੱਲੋਂ ਸੰਤ ਅਸ਼ੋਕ ਲੰਕੇਸ਼ ਰਿਸ਼ੀ ਦਾ ਵਿਸ਼ੇਸ਼ ਮਾਣ-ਸਨਮਾਨ ਵੀ ਕੀਤਾ ਜਾ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਲਬੀਰ ਭੱਟੀ ਪ੍ਰਧਾਨ ਸ਼੍ਰੀ ਸਨਾਤਨ ਮੰਦਿਰ ਲਵੀਨਿਆ ਨੇ ਦੱਸਿਆ ਕਿ ਸੰਤ ਅਸ਼ੋਕ ਲੰਕੇਸ਼ ਰਿਸ਼ੀ ਵੱਲੋਂ ਵਾਲਮੀਕਿ ਸਮਾਜ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪਹਿਲੀ ਯੂਰਪ ਵਾਲਮੀਕਿ ਧਰਮ ਪ੍ਰਚਾਰ ਯਾਤਰਾ ਨਾਲ ਸਮਾਜ 'ਚ ਨਵਾਂ ਇਨਕਲਾਬ ਲੈਕੇ ਆ ਰਹੇ, ਜਿਹੜਾ ਕਿ ਇੱਕ ਸ਼ਲਾਘਾਯੋਗ ਕਾਰਜ ਹੈ।