ਸੰਤ ਅਮਰੀਕ ਦਾਸ ਦਾ ਇਟਲੀ ਪਹੁੰਚਣ ''ਤੇ ਸੰਗਤ ਵੱਲੋਂ ਨਿੱਘਾ ਸਵਾਗਤ
Saturday, Jun 06, 2026 - 08:07 PM (IST)
ਰੋਮ, (ਦਲਵੀਰ ਸਿੰਘ ਕੈਂਥ)- ਗੁਰੂ ਦੀ ਬਾਣੀ ਤੇ ਵਚਨ ਅਜਿਹੇ ਅੰਮ੍ਰਿਤ ਹਨ ਜਿਹੜੇ ਇਨਸਾਨ ਨੂੰ ਦੋਜ਼ਖ ਦੀ ਅੱਗ ਤੋਂ ਬਚਾ ਸਕਦੇ ਪਰ ਇਨਸਾਨ ਆਪਣੀ ਤੁੱਛ ਬੁੱਧੀ ਨਾਲ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਸਿਆਣਾ ਤੇ ਚੁਸਤ ਸਖ਼ਸ ਸਮਝਣ ਦੀ ਭੁੱਲ ਕਰਦਾ ਹੈ ਜਿਸ ਦੇ ਕਾਰਨ ਉਹ ਦੁੱਖੀ ਰਹਿੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਤਿਗੁਰੂ ਕਰੀਬ ਸਾਹਿਬ ਦੇ ਮਿਸ਼ਨ ਪੈਰੋਕਾਰ ਤੇ ਡੇਰਾ ਪ੍ਰੇਮਪੁਰਾ ਜਗਤਪੁਰ ਬਘੌਰਾ (ਸ਼ਹੀਦ ਭਗਤ ਸਿੰਘ ਨਗਰ) ਦੇ ਮੁੱਖ ਸੇਵਾਦਾਰ ਸੰਤ ਅਮਰੀਕ ਦਾਸ ਨੇ ਆਪਣੀ ਪਹਿਲੀ ਯੂਰਪ ਫੇਰੀ ਦੌਰਾਨ ਕੀਤਾ।
ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਸੰਗਤ ਨਾਲ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਕਬੀਰ ਸਾਹਿਬ ਸਮਕਾਲੀ ਮਹਾਂਪੁਰਸ਼ ਹੋਏ ਸਨ ਜਿਨ੍ਹਾਂ ਦੁਨੀਆਂ ਦੇ ਭਲੇ ਹਿੱਤ ਸਾਰੀ ਜ਼ਿੰਦਗੀ ਮਨੁੱਖਤਾ ਦੇ ਕਲਿਆਣ ਵਿੱਚ ਲੰਘਾਈ। ਉਨ੍ਹਾਂ ਦੇ ਮੁੱਖਾਅਰ ਬਿੰਦ ਤੋਂ ਉਚਾਰੀ ਧੁਰ ਕੀ ਇਲਾਹੀ ਬਾਣੀ ਇਨਸਾਨ ਨੂੰ ਸੱਚ ਨਾਲ ਜੁੜਨ ਲਈ ਸਮਾਜਿਕ ਚੇਤਨਾ ਪੈਦਾ ਕਰਦੀ ਹੈ ਪਰ ਅਫ਼ਸੋਸ ਅੱਜ ਦਾ ਇਨਸਾਨ ਦਿਖਾਵੇ ਵਿੱਚ ਜ਼ਿਆਦਾ ਰਮਿਆ ਹੋਇਆ ਹੈ ਤੇ ਆਪਣੇ ਕਰਮਾਂ ਵੱਲ ਰਤਾ ਧਿਆਨ ਨਹੀਂ ਦਿੰਦਾ ਜਦੋਂ ਕਿ ਕਰਮਾਂ ਦੀ ਬਦੌਲਤ ਹੀ ਇਨਸਾਨ ਮੌਖਸ਼ ਦੀ ਪ੍ਰਾਪਤੀ ਕਰ ਸਕਦਾ ਹੈ। ਆਓ ਆਪਾਂ ਸਭ ਆਪਣੀ ਕਹਿਣੀ ਤੇ ਕਰਨੀ ਨੂੰ ਇੱਕ ਕਰਦਿਆਂ ਗੁਰੂ ਸਾਹਿਬ ਦੇ ਅਸਲ ਮਿਸ਼ਨ, ਅਸਲ ਰਾਹ ਤੇ ਅਸਲ ਨਿਸ਼ਾਨੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੁਪਨ ਸ਼ਹਿਰ ਬੇਗਮਪੁਰੇ ਦੇ ਸੰਕਲਪ ਨੂੰ ਅਮਲੀ ਜਾਮਾਂ ਪਹਿਨਾਇਆ ਜਾ ਸਕੇ।
ਸੰਤ ਅਮਰੀਕ ਦਾਸ ਦੀ ਇਸ ਯੂਰਪ ਫੇਰੀ ਮੌਕੇ ਉਨ੍ਹਾਂ ਨਾਲ ਗਿਆਨੀ ਮਖੱਣ ਸਿੰਘ ਕਰੀਹਾ ਵੀ ਇਸ ਯੂਰਪ ਫੇਰੀ ਤੇ ਹਨ। ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਸੰਤ ਅਮਰੀਕ ਦਾਸ ਦਾ ਗੁਰਦੁਆਰਾ ਸਾਹਿਬ ਪਹੁੰਚਣ ਤੇ ਜਿੱਥੇ ਨਿੱਘਾ ਸਵਾਗਤ ਕੀਤਾ ਉੱਥੇ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਹੰਸ ਰਾਜ ਭੁੱਲਾ ਰਾਈ, ਹੈਪੀ ਸ: ਸਕਾਰਾਂ, ਚਮਨ ਲਾਲ ਭੱਟੀ, ਬਾਬਾ ਮਨਜੀਤ ਮੁੱਖ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ, ਸੰਤੋਖ ਲਾਲ ਮਹਿਮੀ, ਮਨਜੀਤ ਸਿੰਘ ਸ਼ਾਹਪੁਰ ਪੱਟੀ ਆਦਿ ਸੇਵਾਦਰ ਮੌਜੂਦ ਸਨ।
