ਸਲਮਾਨ ਰਸ਼ਦੀ ਨੇ ਆਪਣੇ ''ਤੇ ਹੋਏ ਹਮਲੇ ਸਬੰਧੀ ਅਦਾਲਤ ''ਚ ਆਪਣਾ ਬਿਆਨ ਕਰਵਾਇਆ ਦਰਜ

Wednesday, Feb 12, 2025 - 02:40 PM (IST)

ਸਲਮਾਨ ਰਸ਼ਦੀ ਨੇ ਆਪਣੇ ''ਤੇ ਹੋਏ ਹਮਲੇ ਸਬੰਧੀ ਅਦਾਲਤ ''ਚ ਆਪਣਾ ਬਿਆਨ ਕਰਵਾਇਆ ਦਰਜ

ਮੇਨਵਿਲ/ਅਮਰੀਕਾ (ਏਜੰਸੀ)- ਲੇਖਕ ਸਲਮਾਨ ਰਸ਼ਦੀ ਨੇ ਮੰਗਲਵਾਰ ਨੂੰ ਪੱਛਮੀ ਨਿਊਯਾਰਕ ਦੀ ਇੱਕ ਅਦਾਲਤ ਵਿੱਚ 2022 ਵਿੱਚ ਆਪਣੇ ਉੱਤੇ ਚਾਕੂ ਨਾਲ ਹੋਏ ਹਮਲੇ ਦੇ ਵੇਰਵੇ ਦਿੱਤੇ। ਇਸ ਹਮਲੇ ਕਾਰਨ 77 ਸਾਲਾ ਲੇਖਕ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਅਤੇ ਉਨ੍ਹਾਂ ਨੂੰ ਠੀਕ ਹੋਣ ਵਿੱਚ ਕਈ ਮਹੀਨੇ ਲੱਗ ਗਏ। ਹਾਦੀ ਮਾਤਰ (27) 'ਤੇ ਕਤਲ ਦੀ ਕੋਸ਼ਿਸ਼ ਅਤੇ ਹਮਲੇ ਦੇ ਦੋਸ਼ ਲਗਾਏ ਗਏ ਹਨ। ਉਸਨੇ ਰਸ਼ਦੀ 'ਤੇ ਉਦੋਂ ਹਮਲਾ ਕੀਤਾ ਜਦੋਂ ਉਹ ਅਗਸਤ 2022 ਵਿੱਚ ਭਾਸ਼ਣ ਦੇਣ ਦੀ ਤਿਆਰੀ ਕਰ ਰਹੇ ਸਨ। ਹਾਦੀ ਨੇ ਰਸ਼ਦੀ 'ਤੇ ਚਾਕੂ ਨਾਲ ਕਈ ਵਾਰ ਕੀਤੇ। ਹਾਲਾਂਕਿ, ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

ਰਸ਼ਦੀ ਨੇ ਜਿਊਰੀ ਨੂੰ ਦੱਸਿਆ, "ਮੈਂ ਉਸਨੂੰ ਉਦੋਂ ਦੇਖਿਆ ਜਦੋਂ ਉਹ ਬਹੁਤ ਨੇੜੇ ਆ ਗਿਆ। ਮੈਨੂੰ ਪਤਾ ਸੀ ਕਿ ਵਿਅਕਤੀ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਸਦੇ ਚਿਹਰੇ 'ਤੇ ਕਾਲਾ ਮਾਸਕ ਸੀ। ਮੇਰੀ ਨਜ਼ਰ ਉਸਦੀਆਂ ਅੱਖਾਂ 'ਤੇ ਟਿਕ ਗਈ, ਜੋ ਬਹੁਤ ਬੇਰਹਿਮ ਲੱਗ ਰਹੀਆਂ ਸਨ।' ਰਸ਼ਦੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਵਿੱਚ ਲੱਗਾ ਸੀ ਕਿ ਹਮਲਾਵਰ ਹਮਲਾਵਰ ਉਨ੍ਹਾਂ ਨੂੰ ਮੁੱਕਾ ਮਾਰ ਰਿਹਾ ਹੈ। ਲੇਖਕ ਨੇ ਕਿਹਾ, “ਪਰ ਮੈਂ ਦੇਖਿਆ ਕਿ ਮੇਰੇ ਕੱਪੜਿਆਂ 'ਤੇ ਬਹੁਤ ਸਾਰਾ ਖੂਨ ਸੀ। ਉਹ ਮੈਨੂੰ ਵਾਰ-ਵਾਰ ਮਾਰ ਰਿਹਾ ਸੀ।'

ਰਸ਼ਦੀ ਨੇ ਕਿਹਾ ਕਿ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਛਾਤੀ ਅਤੇ ਧੜ 'ਤੇ ਕਈ ਵਾਰ ਚਾਕੂ ਮਾਰਿਆ ਗਿਆ। ਮੈਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਮੈਂ ਖੜ੍ਹਾ ਹੋਣ ਵਿਚ ਅਸਮਰਥ ਸੀ। ਮੈਂ ਡਿੱਗ ਪਿਆ। ਮੈਨੂੰ ਲੱਗਿਆ ਕਿ ਮੈਂ ਮਰ ਰਿਹਾ ਹਾਂ। ਇਹੀ ਇੱਕੋ ਇੱਕ ਵਿਚਾਰ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ।" ਇਹ ਸੁਣ ਕੇ ਰਸ਼ਦੀ ਦੀ ਪਤਨੀ, ਰਾਚੇਲ ਐਲਿਜ਼ਾ ਗ੍ਰਿਫਿਥਸ, ਜੋ ਅਦਾਲਤ ਦੇ ਕਮਰੇ ਵਿੱਚ ਬੈਠੀ ਸੀ, ਰੋ ਪਈ।

ਇਸ ਹਮਲੇ ਵਿੱਚ ਰਸ਼ਦੀ ਦੇ ਨਾਲ ਸਟੇਜ 'ਤੇ ਮੌਜੂਦ ਇੱਕ ਬੁਲਾਰਾ ਵੀ ਜ਼ਖਮੀ ਹੋ ਗਿਆ ਸੀ। ਪੱਛਮੀ ਨਿਊਯਾਰਕ ਮਾਮਲੇ ਵਿੱਚ ਜਿਊਰੀ ਨੇ ਸੋਮਵਾਰ ਨੂੰ ਉਸ ਕਲਾ ਸੰਸਥਾ ਦੇ ਕਰਮਚਾਰੀਆਂ ਦੇ ਬਿਆਨ ਸੁਣੇ, ਜਿੱਥੇ ਰਸ਼ਦੀ ਨੂੰ ਚਾਕੂ ਮਾਰਿਆ ਗਿਆ ਸੀ। ਹਮਲੇ ਤੋਂ ਬਾਅਦ ਦਰਸ਼ਕਾਂ ਦੁਆਰਾ ਫੜੇ ਜਾਣ ਤੋਂ ਬਾਅਦ ਹਾਦੀ ਹਿਰਾਸਤ ਵਿੱਚ ਹੈ। ਇਹ ਮੁਕੱਦਮਾ ਦੋ ਹਫ਼ਤੇ ਚੱਲਣ ਦੀ ਉਮੀਦ ਹੈ। ਜਿਊਰੀ ਮੈਂਬਰਾਂ ਨੂੰ ਹਮਲੇ ਵਾਲੇ ਦਿਨ ਦੀਆਂ ਵੀਡੀਓ ਅਤੇ ਫੋਟੋਆਂ ਦਿਖਾਈਆਂ ਜਾਣਗੀਆਂ। 


author

cherry

Content Editor

Related News