ਹੁਣ ਫੇਸਬੁੱਕ, ਇੰਸਟਾ ID ਵੇਖ ਲੱਗੇਗਾ US ਦਾ ਵੀਜ਼ਾ ! ਨਵੇਂ ਨਿਯਮ ਹੋਏ ਜਾਰੀ

Wednesday, Dec 10, 2025 - 02:14 PM (IST)

ਹੁਣ ਫੇਸਬੁੱਕ, ਇੰਸਟਾ ID ਵੇਖ ਲੱਗੇਗਾ US ਦਾ ਵੀਜ਼ਾ ! ਨਵੇਂ ਨਿਯਮ ਹੋਏ ਜਾਰੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿੱਚ H-1B ਅਤੇ H-4 ਵੀਜ਼ਾ ਧਾਰਕਾਂ ਲਈ ਨਵੇਂ ਸਖ਼ਤ ਨਿਯਮ ਜਲਦੀ ਹੀ ਲਾਗੂ ਹੋਣ ਵਾਲੇ ਹਨ, ਜਿਸ ਕਾਰਨ ਹਜ਼ਾਰਾਂ ਭਾਰਤੀ ਆਈ.ਟੀ. ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਟਰੰਪ ਪ੍ਰਸ਼ਾਸਨ ਦੁਆਰਾ ਲਾਗੂ ਕੀਤੇ ਜਾ ਰਹੇ ਨਵੇਂ ਨਿਯਮਾਂ ਤਹਿਤ, H-1B ਵੀਜ਼ਾ ਅਤੇ H-4 ਵੀਜ਼ਾ (H-1B ਧਾਰਕ ਦੇ ਆਸ਼ਰਿਤ) ਦੇ ਸਾਰੇ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਲਾਜ਼ਮੀ ਜਾਂਚ ਹੋਵੇਗੀ।

ਅਮਰੀਕੀ ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਹੈ ਕਿ 15 ਦਸੰਬਰ 2025 ਤੋਂ ਸਾਰੇ H-1B ਅਤੇ H-4 ਬਿਨੈਕਾਰਾਂ 'ਤੇ ਲਾਜ਼ਮੀ ਸੋਸ਼ਲ ਮੀਡੀਆ ਸਕ੍ਰੀਨਿੰਗ ਲਾਗੂ ਕੀਤੀ ਜਾਵੇਗੀ। ਇਸ ਫੈਸਲੇ ਤੋਂ ਬਾਅਦ ਦੇਸ਼ ਭਰ ਵਿੱਚ ਅਮਰੀਕੀ ਦੂਤਘਰਾਂ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਨਿਰਧਾਰਤ ਅਪੁਆਇੰਟਮੈਂਟਾਂ ਅਚਾਨਕ ਰੱਦ ਕਰ ਦਿੱਤੀਆਂ ਗਈਆਂ ਹਨ। ਇਮੀਗ੍ਰੇਸ਼ਨ ਵਕੀਲਾਂ ਅਨੁਸਾਰ ਹੈਦਰਾਬਾਦ ਅਤੇ ਚੇਨਈ ਵਰਗੇ ਪ੍ਰਮੁੱਖ ਭਾਰਤੀ ਦੂਤਘਰਾਂ ਵਿੱਚ ਦਸੰਬਰ ਦੇ ਮੱਧ ਅਤੇ ਅੰਤ ਤੱਕ ਦੇ ਇੰਟਰਵਿਊ ਰੱਦ ਕਰਕੇ ਅਗਲੇ ਸਾਲ ਮਾਰਚ ਤੱਕ ਲਈ ਟਾਲ ਦਿੱਤੇ ਗਏ ਹਨ।

ਨਵੀਂ ਗਾਈਡਲਾਈਨ ਦੇ ਤਹਿਤ ਸਾਰੇ H-1B ਵੀਜ਼ਾ ਬਿਨੈਕਾਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ “ਪਬਲਿਕ” ਕਰਨ ਤਾਂ ਜੋ ਅਧਿਕਾਰੀ ਉਨ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਦੀ ਜਾਂਚ ਕਰ ਸਕਣ। ਵਕੀਲਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਸਕ੍ਰੀਨਿੰਗ ਕਾਰਨ ਦੂਤਘਰ ਹੁਣ ਆਮ ਨਾਲੋਂ ਕਾਫ਼ੀ ਘੱਟ ਇੰਟਰਵਿਊ ਕਰ ਰਹੇ ਹਨ, ਜਿਸ ਕਾਰਨ ਪਹਿਲਾਂ ਤੋਂ ਤੈਅ ਅਪੁਆਇੰਟਮੈਂਟਾਂ ਰੱਦ ਹੋ ਰਹੀਆਂ ਹਨ।

ਭਾਰਤ ਵਿੱਚ ਆਈ.ਟੀ. ਪੇਸ਼ੇਵਰ ਅਤੇ ਉਨ੍ਹਾਂ ਦੇ ਪਰਿਵਾਰ ਇਸ ਲੰਬੇ ਇੰਤਜ਼ਾਰ ਦੇ ਸਮੇਂ ਅਤੇ ਸੋਸ਼ਲ ਮੀਡੀਆ ਜਾਂਚ ਦੀਆਂ ਨਵੀਆਂ ਸ਼ਰਤਾਂ ਕਾਰਨ ਬਹੁਤ ਪ੍ਰੇਸ਼ਾਨ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੇ ਕਰੀਅਰ ਅਤੇ ਨਿੱਜੀ ਯੋਜਨਾਵਾਂ 'ਤੇ ਵੱਡਾ ਅਸਰ ਪੈ ਰਿਹਾ ਹੈ। ਇਸ ਸਖ਼ਤੀ ਦੇ ਚੱਲਦਿਆਂ ਇਮੀਗ੍ਰੇਸ਼ਨ ਲਾਅ ਫਰਮਾਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਬਹੁਤ ਜ਼ਰੂਰੀ ਨਾ ਹੋਵੇ ਤਾਂ ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਗੁਰੇਜ਼ ਕੀਤਾ ਜਾਵੇ। 

ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਪਹਿਲਾਂ ਤੋਂ ਮੌਜੂਦ ਵੀਜ਼ਾ ਧਾਰਕਾਂ ਦੇ ਵੀ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ 'ਤੇ ਵੀਜ਼ੇ ਰੱਦ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਨਿਯਮ ਪਹਿਲਾਂ ਮਈ 2025 ਵਿੱਚ ਵਿਦਿਆਰਥੀ ਵੀਜ਼ਿਆਂ ਲਈ ਅਪਡੇਟ ਕੀਤੀਆਂ ਗਈਆਂ ਸੋਸ਼ਲ ਮੀਡੀਆ ਸਕ੍ਰੀਨਿੰਗ ਗਾਈਡਲਾਈਨਜ਼ ਦੇ ਸਮਾਨ ਹਨ।


author

Harpreet SIngh

Content Editor

Related News