''''ਨਹੀਂ ਤਾਂ ਛਿੜ ਜਾਵੇਗਾ ਤੀਜਾ ਵਿਸ਼ਵ ਯੁੱਧ..!'''', ਰੂਸ-ਯੂਕ੍ਰੇਨ ਨੂੰ ਲੈ ਕੇ ਟਰੰਪ ਨੇ ਦਿੱਤਾ ਵੱਡਾ ਬਿਆਨ

Saturday, Dec 13, 2025 - 04:01 PM (IST)

''''ਨਹੀਂ ਤਾਂ ਛਿੜ ਜਾਵੇਗਾ ਤੀਜਾ ਵਿਸ਼ਵ ਯੁੱਧ..!'''', ਰੂਸ-ਯੂਕ੍ਰੇਨ ਨੂੰ ਲੈ ਕੇ ਟਰੰਪ ਨੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਰੂਸ-ਯੂਕ੍ਰੇਨ ਜੰਗ ਨੂੰ ਲੈ ਕੇ ਇੱਕ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਲੰਮੀ ਚੱਲਣ ਵਾਲੀ ਇਹ ਜੰਗ ਇਕ ਵਿਸ਼ਵ ਜੰਗ 'ਚ ਬਦਲ ਸਕਦੀ ਹੈ ਤੇ ਅਜਿਹੀਆਂ ਚੀਜ਼ਾਂ ਤੀਜੇ ਵਿਸ਼ਵ ਯੁੱਧ ਵਿੱਚ ਖਤਮ ਹੁੰਦੀਆਂ ਹਨ। ਵ੍ਹਾਈਟ ਹਾਊਸ ਵਿਖੇ ਗੱਲਬਾਤ ਕਰਦਿਆਂ ਟਰੰਪ ਨੇ ਖੁਲਾਸਾ ਕੀਤਾ ਕਿ ਪਿਛਲੇ ਮਹੀਨੇ ਹੀ ਲਗਭਗ 25,000 ਲੋਕ, ਜ਼ਿਆਦਾਤਰ ਫੌਜੀ, ਮਾਰੇ ਗਏ ਹਨ ਅਤੇ ਉਨ੍ਹਾਂ ਨੇ ਤੁਰੰਤ ਜੰਗਬੰਦੀ ਲਈ ਜ਼ੋਰ ਦਿੱਤਾ।

ਵ੍ਹਾਈਟ ਹਾਊਸ ਪ੍ਰੈੱਸ ਸਕੱਤਰ ਕੈਰੋਲਿਨ ਲੀਵਿਟ ਨੇ ਦੱਸਿਆ ਕਿ ਰਾਸ਼ਟਰਪਤੀ ਜੰਗ ਖਤਮ ਕਰਨ ਦੀ ਹੌਲੀ ਰਫ਼ਤਾਰ ਕਾਰਨ ਰੂਸ ਅਤੇ ਯੂਕ੍ਰੇਨ ਦੋਵਾਂ ਤੋਂ ਬਹੁਤ ਜ਼ਿਆਦਾ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਟਰੰਪ ਸਿਰਫ਼ ਮਿਲਣ ਲਈ ਮੀਟਿੰਗਾਂ ਨਹੀਂ ਚਾਹੁੰਦੇ, ਬਲਕਿ ਉਹ ਕਾਰਵਾਈ ਅਤੇ ਨਤੀਜੇ ਚਾਹੁੰਦੇ ਹਨ। ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਟਰੰਪ ਕਥਿਤ ਤੌਰ 'ਤੇ ਕ੍ਰਿਸਮਸ ਤੱਕ ਇੱਕ ਸ਼ਾਂਤੀ ਸਮਝੌਤਾ ਚਾਹੁੰਦੇ ਹਨ।

ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਅਮਰੀਕਾ ਨੂੰ ਸੁਰੱਖਿਆ ਗਾਰੰਟੀਆਂ ਬਾਰੇ ਚੱਲ ਰਹੀ ਗੱਲਬਾਤ ਦੇ ਹਿੱਸੇ ਵਜੋਂ 20-ਨੁਕਾਤੀ ਜਵਾਬੀ ਪ੍ਰਸਤਾਵ ਸੌਂਪੇ ਹਨ। ਜ਼ੇਲੇਂਸਕੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਖੇਤਰੀ ਰਿਆਇਤ ਨੂੰ ਇੱਕ ਰਾਸ਼ਟਰੀ ਜਨਮਤ ਸੰਗ੍ਰਹਿ ਰਾਹੀਂ ਪ੍ਰਵਾਨਗੀ ਦੀ ਲੋੜ ਹੋਵੇਗੀ। 

ਗੱਲਬਾਤ ਵਿੱਚ ਮੁੱਖ ਮਤਭੇਦਾਂ ਦੇ ਮੁੱਦੇ ਡੋਨਬਾਸ ਖੇਤਰ ਦੇ ਡੋਨੇਤਸਕ ਖੇਤਰ ਦਾ ਕੰਟਰੋਲ ਅਤੇ ਰੂਸ ਦੇ ਕਬਜ਼ੇ ਹੇਠਲੇ ਜ਼ਪੋਰੀਜ਼ੀਆ ਪ੍ਰਮਾਣੂ ਊਰਜਾ ਪਲਾਂਟ ਦਾ ਭਵਿੱਖੀ ਪ੍ਰਬੰਧਨ ਬਣੇ ਹੋਏ ਹਨ। ਇਕ ਰਿਪੋਰਟ ਮੁਤਾਬਕ ਅਮਰੀਕਾ ਯੂਕ੍ਰੇਨ 'ਤੇ ਡੋਨੇਤਸਕ ਖੇਤਰ ਤੋਂ ਆਪਣੀਆਂ ਫੌਜਾਂ ਵਾਪਸ ਲੈਣ ਲਈ ਜ਼ੋਰ ਪਾ ਰਿਹਾ ਹੈ ਤਾਂ ਜੋ ਇੱਕ ਮੁਕਤ ਆਰਥਿਕ ਜ਼ੋਨ ਬਣਾਇਆ ਜਾ ਸਕੇ।


author

Harpreet SIngh

Content Editor

Related News