ਅਮਰੀਕੀ ਫੌਜ ਨੇ ਈਰਾਨ ਦੇ 60 ਫੌਜੀ ਟਿਕਾਣੇ ਕੀਤੇ ਤਬਾਹ, ਜੰਗ ਵਿਚਾਲੇ ਸੁਰੱਖਿਅਤ ਕੱਢਿਆ 1.8 ਕਰੋੜ ਬੈਰਲ ਤੇਲ
Friday, Sep 04, 2026 - 09:30 AM (IST)
ਤਹਿਰਾਨ (ਇੰਟ.)- ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਨੂੰ ਚੱਲਦਿਆਂ 6 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਜਲਮਾਰਗ ਤੋਂ ਤੇਲ ਨਾਲ ਭਰੇ ਟੈਂਕਰ ਨੂੰ ਪਾਰ ਕਰਵਾਉਣਾ ਕਾਫ਼ੀ ਮੁਸ਼ਕਲ ਹੋ ਚੁੱਕਾ ਹੈ ਪਰ ਅਮਰੀਕਾ ਨੇ ਮੰਗਲਵਾਰ ਨੂੰ ਈਰਾਨੀ ਫੌਜ ਦੇ ਹਮਲੇ ਦੇ ਬਾਵਜੂਦ 1.8 ਕਰੋੜ ਬੈਰਲ ਤੇਲ ਪਾਰ ਕਰਵਾਇਆ।
ਅਮਰੀਕੀ ਅਧਿਕਾਰੀਆਂ ਦੇ ਮੁਤਾਬਕ, ਅਮਰੀਕੀ ਫੌਜ ਨੇ ਮੰਗਲਵਾਰ, 1 ਸਤੰਬਰ ਨੂੰ ਹੋਰਮੁਜ਼ ਸਟ੍ਰੇਟ ਤੋਂ ਲੱਗਭਗ 1.8 ਕਰੋੜ ਬੈਰਲ ਤੇਲ ਲੈ ਕੇ ਜਾ ਰਹੇ 40 ਕਮਰਸ਼ੀਅਲ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ। ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਇੰਨੀ ਮਾਤਰਾ ’ਚ ਤੇਲ ਹੋਰਮੁਜ਼ ਤੋਂ ਲੰਘਿਆ ਹੈ।
ਅਮਰੀਕੀ ਅਧਿਕਾਰੀਆਂ ਨੇ ਦੱਸਿਆ, ‘‘ਇਹ ਜੋਖਮ ਭਰਿਆ ਆਪ੍ਰੇਸ਼ਨ ਉਦੋਂ ਹੋਇਆ ਜਦੋਂ ਅਮਰੀਕੀ ਫੌਜ ਨੇ ਹੋਰਮੁਜ਼ ਦੇ ਆਲੇ-ਦੁਆਲੇ ਲੱਗਭਗ 60 ਈਰਾਨੀ ਫੌਜੀ ਟਿਕਾਣਿਆਂ ’ਤੇ ਇਕੋ ਸਮੇਂ ਹਮਲਾ ਕੀਤਾ। ਅਸੀਂ ਡਰੋਨ ਹਮਲਿਆਂ ਦੀ ਮਦਦ ਨਾਲ ਜਹਾਜ਼ਾਂ ਦੀ ਰੱਖਿਆ ਕੀਤੀ ਅਤੇ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਨੂੰ ਨਾਕਾਮ ਕੀਤਾ।’’
ਜੰਗ ਸ਼ੁਰੂ ਹੋਣ ਤੋਂ ਪਹਿਲਾਂ, ਹੋਰਮੁਜ਼ ਤੋਂ ਹਰ ਦਿਨ ਲੱਗਭਗ 2 ਕਰੋੜ ਬੈਰਲ ਤੇਲ ਲੰਘਦਾ ਸੀ, ਪਰ ਲੜਾਈ ਸ਼ੁਰੂ ਹੋਣ ਤੋਂ ਬਾਅਦ, ਇਸ ਜਲਮਾਰਗ ਤੋਂ ਸ਼ਿਪਿੰਗ ਬਹੁਤ ਘਟ ਗਈ ਹੈ, ਜਿਸ ਨਾਲ ਵਿਸ਼ਵਵਿਆਪੀ ਊਰਜਾ ਬਾਜ਼ਾਰ ਪ੍ਰਭਾਵਿਤ ਹੋਏ ਹਨ ਅਤੇ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ।
ਈਰਾਨ ਨੇ ਕੁਵੈਤ ’ਤੇ ਮਿਜ਼ਾਈਲ ਅਤੇ ਡਰੋਨ ਨਾਲ ਕੀਤਾ ਹਮਲਾ
ਅਮਰੀਕਾ ਵੱਲੋਂ ਈਰਾਨ ’ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿਚ ਈਰਾਨ ਨੇ ਵੀਰਵਾਰ ਨੂੰ ਕੁਵੈਤ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ। ਇਸ ਦੇ ਨਾਲ ਹੀ ਮੱਧ-ਪੂਰਬ ਵਿਚ ਤਣਾਅ ਹੋਰ ਵਧ ਗਿਆ। ਇਸ ਦੌਰਾਨ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਕਤੂਬਰ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੱਜੇਪੱਖੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।
ਕੁਵੈਤ ਵਿਚ ਵੀਰਵਾਰ ਤੜਕੇ ਹਵਾਈ ਹਮਲੇ ਦੇ ਸਾਇਰਨ ਵੱਜਣ ਲੱਗੇ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਐਕਸ ’ਤੇ ਦੱਸਿਆ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੰਤਰਾਲੇ ਨੇ ਇਸ ਨੂੰ ਈਰਾਨ ਦੀ ਖੁੱਲ੍ਹੀ ਹਮਲਾਵਰ ਨੀਤੀ ਦੱਸਿਆ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਸਹਿਯੋਗੀ ਬਹਿਰੀਨ ਅਤੇ ਜਾਰਡਨ ਨੇ ਵੀ ਕਿਹਾ ਸੀ ਕਿ ਉਨ੍ਹਾਂ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਈਰਾਨ ਵੱਲੋਂ ਕੀਤੇ ਗਏ ਕਈ ਹਵਾਈ ਹਮਲਿਆਂ ਨੂੰ ਨਾਕਾਮ ਕੀਤਾ।
ਮੋਦੀ-ਪਜ਼ੇਸ਼ਕੀਆਨ ਦੀ ਮੁਲਾਕਾਤ ਤੋਂ ਅਮਰੀਕਾ ਨਾਰਾਜ਼
ਮੋਦੀ-ਪਜ਼ੇਸ਼ਕੀਆਨ ਦੀ ਮੁਲਾਕਾਤ ਤੋਂ ਅਮਰੀਕਾ ਨਾਰਾਜ਼ ਲੱਗ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਈਰਾਨ ਵਿਚਕਾਰ ਕੋਈ ਟਰੇਡ ਡੀਲ ਹੋਈ ਹੈ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇ ਕੋਈ ਦੇਸ਼ ਈਰਾਨ ਨੂੰ ਅਮਰੀਕੀ ਪਾਬੰਦੀਆਂ ਤੋਂ ਬਚਾਉਣ ਵਿਚ ਮਦਦ ਕਰੇਗਾ, ਤਾਂ ਅਮਰੀਕਾ ਉਸ ਦੇਸ਼ ’ਤੇ ਵੀ ਪਾਬੰਦੀਆਂ ਲਗਾ ਸਕਦਾ ਹੈ।
ਅਮਰੀਕੀ ਵਿਦੇਸ਼ ਮੰਤਰੀ ਦਾ ਬਿਆਨ ਪੀ. ਐੱਮ. ਮੋਦੀ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕੀਆਨ ਦੀ ਐੱਸ. ਸੀ. ਓ. ਸਮਿਟ ਦੌਰਾਨ ਹੋਈ ਮੁਲਾਕਾਤ ਤੋਂ ਬਾਅਦ ਆਇਆ ਹੈ। ਦੋਵਾਂ ਨੇਤਾਵਾਂ ਨੇ ਭਾਰਤ-ਈਰਾਨ ਸਬੰਧਾਂ, ਵਪਾਰ ਅਤੇ ਪੱਛਮੀ ਏਸ਼ੀਆ ਦੇ ਹਾਲਾਤ ’ਤੇ ਚਰਚਾ ਕੀਤੀ ਸੀ। ਮੋਦੀ ਨੇ ਕਿਹਾ ਸੀ ਕਿ ਭਾਰਤ ਈਰਾਨ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਧਾਉਣ ਅਤੇ ਨਵੇਂ ਖੇਤਰਾਂ ਨੂੰ ਇਸ ਵਿਚ ਸ਼ਾਮਲ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਸੀ।
