'Bye bye Kharg' : ਟਰੰਪ ਨੇ ਈਰਾਨ ਦੇ ਤੇਲ ਕੇਂਦਰ ਨੂੰ ਬਣਾਇਆ ਨਿਸ਼ਾਨਾ, ਨਕਸ਼ੇ 'ਤੇ ਲਗਾਈ ਆਪਣੀ ਤਸਵੀਰ

Monday, Sep 07, 2026 - 12:33 PM (IST)

'Bye bye Kharg' : ਟਰੰਪ ਨੇ ਈਰਾਨ ਦੇ ਤੇਲ ਕੇਂਦਰ ਨੂੰ ਬਣਾਇਆ ਨਿਸ਼ਾਨਾ, ਨਕਸ਼ੇ 'ਤੇ ਲਗਾਈ ਆਪਣੀ ਤਸਵੀਰ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇੱਕ ਘੰਟੇ ਦੇ ਅੰਦਰ ਈਰਾਨ ਨਾਲ ਸਬੰਧਤ ਲਗਾਤਾਰ ਸੱਤ ਪੋਸਟਾਂ ਸਾਂਝੀਆਂ ਕਰਕੇ ਤੇਹਰਾਨ 'ਤੇ ਆਰਥਿਕ ਅਤੇ ਫੌਜੀ ਦਬਾਅ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਇਨ੍ਹਾਂ ਪੋਸਟਾਂ ਵਿੱਚ ਟਰੰਪ ਨੇ ਈਰਾਨ ਦੀ ਡਿੱਗ ਰਹੀ ਕਰੰਸੀ, ਘਟਦੀ ਤੇਲ ਬਰਾਮਦ ਅਤੇ ਊਰਜਾ ਢਾਂਚੇ ਦੇ ਅੰਕੜਿਆਂ ਦੀ ਵਰਤੋਂ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਈਰਾਨ ਇਸ ਸਮੇਂ ਚਾਰੋਂ ਪਾਸਿਓਂ ਭਾਰੀ ਦਬਾਅ ਦਾ ਸਾਹਮਣਾ ਕਰ ਰਿਹਾ ਹੈ।

ਈਰਾਨ ਦੇ ਨਕਸ਼ੇ 'ਤੇ ਲਗਾਈ ਆਪਣੀ ਤਸਵੀਰ

ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਟਰੰਪ ਨੇ ਇੱਕ ਬੇਹੱਦ ਨਿੱਜੀ ਅਤੇ ਪ੍ਰਤੀਕਾਤਮਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਈਰਾਨ ਦੇ ਨਕਸ਼ੇ 'ਤੇ ਉਨ੍ਹਾਂ ਦਾ ਆਪਣਾ ਚਿਹਰਾ ਲੱਗਿਆ ਹੋਇਆ ਸੀ। ਇਸ ਪੋਸਟ ਵਿੱਚ 'ਪਹਿਲਾਂ' ਅਤੇ 'ਬਾਅਦ' ਦੇ ਨਕਸ਼ਿਆਂ ਰਾਹੀਂ ਈਰਾਨ ਨੂੰ ਟਰੰਪ ਦੇ ਚਿਹਰੇ ਦੇ ਰੂਪ ਵਰਗਾ ਦਿਖਾਇਆ ਗਿਆ ਹੈ।

 

 

ਟਰੰਪ ਵੱਲੋਂ ਸਾਂਝੇ ਕੀਤੇ ਗਏ ਇੱਕ ਗ੍ਰਾਫਿਕ ਵਿੱਚ ਦਾਅਵਾ ਕੀਤਾ ਗਿਆ ਕਿ ਹੋਰਮੁਜ਼ ਜਲਡਮਰੂਮੱਧ ਵਿੱਚ ਤੇਲ ਦੀ ਮਾਤਰਾ ਵਾਪਸ ਪਰਤ ਆਈ ਹੈ। ਇਸ ਵਿੱਚ ਦੱਸਿਆ ਗਿਆ ਕਿ ਤੇਲ ਦਾ ਪ੍ਰਵਾਹ 1.8 ਕਰੋੜ (18 ਮਿਲੀਅਨ) ਬੈਰਲ ਪ੍ਰਤੀ ਦਿਨ ਤੱਕ ਪਹੁੰਚ ਗਿਆ ਹੈ, ਜੋ ਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ 2 ਕਰੋੜ ਬੈਰਲ ਪ੍ਰਤੀ ਦਿਨ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਇਸ ਰਣਨੀਤਕ ਜਲਮਾਰਗ ਦਾ ਨਾਮ ਬਦਲ ਕੇ 'ਟਰੰਪ ਸਟ੍ਰੇਟ' ਰੱਖਿਆ ਜਾਣਾ ਚਾਹੀਦਾ ਹੈ। ਟਰੰਪ ਨੇ ਅੰਕੜਿਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਈਰਾਨ ਦੀ ਤੇਲ ਬਰਾਮਦ ਬੁਰੀ ਤਰ੍ਹਾਂ ਕ੍ਰੈਸ਼ ਹੋ ਰਹੀ ਹੈ। ਚਾਰਟ ਦੇ ਅਨੁਸਾਰ ਸਾਲ 2025 ਵਿੱਚ ਲਗਭਗ 20-ਲੱਖ ਬੈਰਲ ਪ੍ਰਤੀ ਦਿਨ ਹੋਣ ਵਾਲੀ ਤੇਲ ਬਰਾਮਦ ਸਾਲ 2026 ਵਿੱਚ ਲਗਭਗ ਜ਼ੀਰੋ ਤੱਕ ਪਹੁੰਚ ਗਈ ਸੀ, ਜਿਸ ਤੋਂ ਬਾਅਦ ਹੁਣ ਮਾਮੂਲੀ ਸੁਧਾਰ ਹੋਇਆ ਹੈ। ਇਸ ਦੇ ਨਾਲ ਹੀ ਟਰੰਪ ਨੇ ਈਰਾਨ ਵਿੱਚ ਚੱਲ ਰਹੀ ਮਹਿੰਗਾਈ'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੱਸਿਆ ਕਿ ਸਾਲ 2025 ਦੇ ਸ਼ੁਰੂ ਵਿੱਚ ਪ੍ਰਤੀ ਅਮਰੀਕੀ ਡਾਲਰ ਦੀ ਕੀਮਤ ਲਗਭਗ 9,00,000 ਈਰਾਨੀ ਰਿਆਲ ਸੀ, ਜੋ ਹੁਣ ਡਿੱਗ ਕੇ 22.7 ਲੱਖ (2.27 ਮਿਲੀਅਨ) ਰਿਆਲ ਪ੍ਰਤੀ ਡਾਲਰ ਤੱਕ ਪਹੁੰਚ ਗਈ ਹੈ।


ਪੜ੍ਹੋ ਇਹ ਅਹਿਮ ਖ਼ਬਰ-   ਪੈਟਰੋਲ ਖਪਤਕਾਰਾਂ ਨੂੰ ਵੱਡਾ ਝਟਕਾ ! ਮੰਗਲਵਾਰ ਤੋਂ ਨਵਾਂ ਕੋਟਾ ਸਿਸਟਮ ਲਾਗੂ; ਈਰਾਨ ਦਾ ਵੱਡਾ ਐਲਾਨ

'ਬਾਏ ਬਾਏ ਖਰਗ' 

PunjabKesari

ਇਸ ਲੜੀ ਦੀ ਸਭ ਤੋਂ ਵਿਵਾਦਤ ਪੋਸਟ ਈਰਾਨ ਦੇ ਸਭ ਤੋਂ ਮਹੱਤਵਪੂਰਨ ਕੱਚੇ ਤੇਲ ਦੇ ਨਿਰਯਾਤ ਕੇਂਦਰ ਖਰਗ ਟਾਪੂ ਨੂੰ ਲੈ ਕੇ ਸੀ। ਟਰੰਪ ਨੇ 'ਬਾਏ ਬਾਏ ਖਾਰਗ' ਸਿਰਲੇਖ ਹੇਠ ਏ.ਆਈ. (AI) ਦੁਆਰਾ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਇੱਕ ਲੜਾਕੂ ਜਹਾਜ਼ ਨੂੰ ਤੇਲ ਸਹੂਲਤ ਵੱਲ ਵਧਦੇ ਹੋਏ ਦਿਖਾਇਆ ਗਿਆ ਹੈ, ਜੋ ਚਾਰੋਂ ਪਾਸੇ ਧਮਾਕਿਆਂ ਅਤੇ ਅੱਗ ਦੀਆਂ ਲਪਟਾਂ ਨਾਲ ਘਿਰੀ ਹੋਈ ਹੈ। ਇਹ ਪੋਸਟ ਖਾਰਗ ਟਾਪੂ 'ਤੇ ਕਿਸੇ ਸੰਭਾਵੀ ਫੌਜੀ ਹਮਲੇ ਵੱਲ ਸਿੱਧਾ ਇਸ਼ਾਰਾ ਕਰਦੀ ਪ੍ਰਤੀਤ ਹੁੰਦੀ ਹੈ।

ਈਰਾਨ ਦਾ ਪਲਟਵਾਰ

ਈਰਾਨੀ ਅਧਿਕਾਰੀਆਂ ਨੇ ਅਮਰੀਕਾ ਦੇ ਇਸ ਭਾਰੀ ਦਬਾਅ ਦਾ ਸਖ਼ਤ ਜਵਾਬ ਦਿੱਤਾ ਹੈ। ਈਰਾਨ ਦੇ ਵਿੱਤ ਮੰਤਰੀ ਅਲੀ ਮਦਨੀਜ਼ਾਦੇਹ ਨੇ ਸਪੱਸ਼ਟ ਕੀਤਾ ਕਿ ਅਮਰੀਕੀ ਪਾਬੰਦੀਆਂ ਈਰਾਨ ਦੇ ਲੋਕਾਂ ਦੇ ਫੈਸਲਿਆਂ ਨੂੰ ਬਦਲ ਨਹੀਂ ਸਕਦੀਆਂ। ਉਨ੍ਹਾਂ ਕਿਹਾ, "ਈਰਾਨ ਦੀ ਆਰਥਿਕਤਾ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਇੱਥੋਂ ਦੀ ਸਰਕਾਰ ਅਤੇ ਲੋਕਾਂ ਦੀ ਹੈ, ਨਾ ਕਿ ਅਮਰੀਕੀ ਖ਼ਜ਼ਾਨੇ ਦੀ"। ਇਸ ਦੇ ਨਾਲ ਹੀ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀਬਾਫ ਨੇ ਵਾਸ਼ਿੰਗਟਨ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ "ਹੁਣ ਖੇਡ ਦੇ ਨਿਯਮ ਬਦਲ ਚੁੱਕੇ ਹਨ"। ਉਨ੍ਹਾਂ ਕਿਹਾ ਕਿ ਈਰਾਨੀ ਹਿੱਤਾਂ 'ਤੇ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਪਹਿਲਾਂ ਨਾਲੋਂ ਵਧੇਰੇ ਤੇਜ਼, ਭਾਰੀ ਅਤੇ ਬੇਹੱਦ ਦਰਦਨਾਕ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News