ਰੂਸ ਦਾ ਵੱਡਾ ਦਾਅਵਾ, ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਤਿਆਰ ਖੜੀਆਂ ਹਨ ਸਾਡੀਆਂ ਬੱਸਾਂ
Saturday, Mar 05, 2022 - 05:23 PM (IST)
ਸੰਯੁਕਤ ਰਾਸ਼ਟਰ (ਭਾਸ਼ਾ)- ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸੂਚਿਤ ਕੀਤਾ ਹੈ ਕਿ ਉਸ ਦੀਆਂ ਬੱਸਾਂ ਪੂਰਬੀ ਯੂਕ੍ਰੇਨ ਦੇ ਖਾਰਕਿਵ ਅਤੇ ਸੁਮੀ ਸ਼ਹਿਰਾਂ ਵਿਚ ਫੌਜੀ ਕਾਰਵਾਈ ਕਾਰਨ ਫਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀਆਂ ਨੂੰ ਕੱਢਣ ਲਈ ਸਰਹੱਦ 'ਤੇ ਤਿਆਰ ਖੜ੍ਹੀਆਂ ਹਨ। ਯੂਕ੍ਰੇਨ ਦੇ ਜ਼ਪੋਰਿਜ਼ੀਆ ਵਿਚ ਸਥਿਤ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ 'ਤੇ ਹਮਲੇ ਤੋਂ ਬਾਅਦ ਅਲਬਾਨੀਆ, ਫਰਾਂਸ, ਆਇਰਲੈਂਡ, ਨਾਰਵੇ, ਬ੍ਰਿਟੇਨ ਅਤੇ ਅਮਰੀਕਾ ਦੀ ਮੰਗ 'ਤੇ ਸ਼ੁੱਕਰਵਾਰ ਨੂੰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਬੁਲਾਈ ਗਈ।
ਇਹ ਵੀ ਪੜ੍ਹੋ:ਸਰਕਾਰੀ ਸਨਮਾਨ ਨਾਲ ਹੋਵੇਗਾ ਸ਼ੇਨ ਵਾਰਨ ਦਾ ਅੰਤਿਮ ਸੰਸਕਾਰ, ਕ੍ਰਿਕਟ ਬੋਰਡ ਇੰਝ ਦੇਵੇਗਾ ਸ਼ਰਧਾਂਜਲੀ
ਬੈਠਕ ਦੌਰਾਨ ਸੰਯੁਕਤ ਰਾਸ਼ਟਰ 'ਚ ਰੂਸ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਵੈਸੀਲੀ ਨੇਬੇਨਜ਼ੀਆ ਨੇ ਕਿਹਾ ਕਿ ਰੂਸੀ ਫੌਜੀ ਯੂਕ੍ਰੇਨ 'ਚ ਫਸੇ ਵਿਦੇਸ਼ੀ ਨਾਗਰਿਕਾਂ ਦੀ ਸ਼ਾਂਤੀਪੂਰਨ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਯੂਕ੍ਰੇਨੀ ਰਾਸ਼ਟਰਵਾਦੀਆਂ ਨੇ ਪੂਰਬੀ ਯੂਕ੍ਰੇਨ ਦੇ ਖਾਰਕੀਵ ਅਤੇ ਸੁਮੀ ਸ਼ਹਿਰਾਂ ਵਿਚ 3,700 ਭਾਰਤੀ ਵਿਦਿਆਰਥੀਆਂ ਨੂੰ "ਜ਼ਬਰਦਸਤੀ" ਰੱਖਿਆ ਹੈ। ਨੇਬੇਨਜ਼ੀਆ ਨੇ ਕਿਹਾ, 'ਅੱਤਵਾਦੀ ਆਮ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਨਹੀਂ ਜਾਣ ਦੇ ਰਹੇ ਹਨ। ਇਸ ਨਾਲ ਯੂਕ੍ਰੇਨ ਦੇ ਲੋਕ ਹੀ ਨਹੀਂ ਸਗੋਂ ਵਿਦੇਸ਼ੀ ਵੀ ਪ੍ਰਭਾਵਿਤ ਹੋ ਰਹੇ ਹਨ। ਕਈ ਵਿਦੇਸ਼ੀਆਂ ਨੂੰ ਯੂਕ੍ਰੇਨੀ ਨਾਗਰਿਕਾਂ ਵੱਲੋਂ ਜ਼ਬਰਦਸਤੀ ਰੱਖਨਾ ਹੈਰਾਨ ਕਰਨ ਵਾਲਾ ਹੈ। ਖਾਰਕਿਵ ਵਿਚ 3,189 ਭਾਰਤੀ, 2,700 ਵੀਅਤਨਾਮੀ ਅਤੇ 202 ਚੀਨੀ ਨਾਗਰਿਕ ਮੌਜੂਦ ਹਨ। ਇਸੇ ਤਰ੍ਹਾਂ ਸੂਮੀ ਵਿਚ 507 ਭਾਰਤੀ, 101 ਘਾਨਾ ਦੇ ਅਤੇ 121 ਚੀਨੀ ਨਾਗਰਿਕ ਹਨ।'
ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਸ ਵੱਲੋਂ ਜੰਗਬੰਦੀ ਦਾ ਐਲਾਨ, ਨਾਗਰਿਕਾਂ ਲਈ ਯੂਕ੍ਰੇਨ ਛੱਡਣ ਲਈ ਖੋਲ੍ਹੇ ਮਨੁੱਖੀ ਗਲਿਆਰੇ
ਉਨ੍ਹਾਂ ਕਿਹਾ, ''ਰੂਸ ਦੇ ਬੇਲਗੋਰੋਡ ਖੇਤਰ 'ਚ 130 ਆਰਾਮਦਾਇਕ ਬੱਸਾਂ ਅੱਜ ਸਵੇਰੇ 6 ਵਜੇ ਤੋਂ ਹੀ 'ਨੇਖੋਤਿਵਕਾ' ਅਤੇ 'ਸੁਡਜ਼ਾ' ਸਰਹੱਦੀ ਚੌਕੀਆਂ 'ਤੇ ਖਾਰਕਿਵ ਅਤੇ ਸੁਮੀ ਜਾਣ ਅਤੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀਆਂ ਨੂੰ ਕੱਢਣ ਲਈ ਖੜ੍ਹੀਆਂ ਹਨ।' ਰੂਸੀ ਰਾਜਦੂਤ ਨੇ ਕਿਹਾ ਕਿ ਚੈਕ ਪੁਆਇੰਟ 'ਤੇ ਆਰਜ਼ੀ ਰਿਹਾਇਸ਼, ਆਰਾਮ ਕਰਨ ਦੀ ਸਹੂਲਤ ਅਤੇ ਗਰਮ ਭੋਜਨ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਦਵਾਈਆਂ ਦੇ ਨਾਲ ਮੋਬਾਈਲ ਮੈਡੀਕਲ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ''ਸਾਰੇ ਕੱਢੇ ਗਏ ਲੋਕਾਂ ਨੂੰ ਬੇਲਗੋਰੋਡ ਲਿਜਾਇਆ ਜਾਵੇਗਾ ਅਤੇ ਉਥੋਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ਨੂੰ ਭੇਜ ਦਿੱਤਾ ਜਾਵੇਗਾ।'' ਭਾਰਤੀ ਵਿਦਿਆਰਥੀਆਂ ਨੂੰ ਯੂਕ੍ਰੇਨ 'ਚ ਬੰਧਕ ਬਣਾਏ ਜਾਣ ਦੀਆਂ ਖ਼ਬਰਾਂ 'ਤੇ ਨਵੀਂ ਦਿੱਲੀ 'ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਤੋਂ ਕਿਸੇ ਵੀ ਵਿਦਿਆਰਥੀ ਨੂੰ ਬੰਧਕ ਬਣਾਏ ਜਾਣ ਦੀ ਕੋਈ ਖ਼ਬਰ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪੁਤਿਨ ਨੂੰ ਫੇਸਬੁੱਕ 'ਤੇ ਕੀਤਾ ਅਨਫਰੈਂਡ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।