ਡਰੋਨ ਅਤੇ ਮਿਜ਼ਾਈਲਾਂ ਦੀ ਸਪਲਾਈ ਲਈ ਈਰਾਨ ਦੀ ਮਦਦ ਲੈ ਸਕਦੈ ਰੂਸ : ਅਮਰੀਕਾ
Thursday, Dec 08, 2022 - 01:27 PM (IST)

ਵਾਸ਼ਿੰਗਟਨ (ਭਾਸ਼ਾ)- ਯੂਕ੍ਰੇਨ ਵਿਚ ਯੁੱਧ ਲਈ ਹਥਿਆਰਾਂ ਦੀ ਸਪਲਾਈ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਮਾਸਕੋ ਹੁਣ ਫਿਰ ਰੂਸੀ ਫੌਜ ਨੂੰ ਡਰੋਨ ਅਤੇ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਸਪਲਾਈ ਲਈ ਇਕ ਵਾਰ ਫਿਰ ਈਰਾਨ ਦਾ ਰੁਖ ਕਰ ਸਕਦਾ ਹੈ। ਘਟਨਾਕ੍ਰਮ ਤੋਂ ਜਾਣੂ ਦੋ ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅਮਰੀਕਾ ਇਸ ਗੱਲ ਨੂੰ ਹੈ ਚਿੰਤਤ ਹੈ ਕਿ ਰੂਸ ਆਉਣ ਵਾਲੇ ਦਿਨਾਂ 'ਚ ਈਰਾਨ ਤੋਂ ਉੱਨਤ ਰਵਾਇਤੀ ਹਥਿਆਰ ਹਾਸਲ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਖ਼ਾਸ ਤੌਰ 'ਤੇ ਚਿੰਤਤ ਹੈ ਕਿ ਰੂਸੀ ਫੌਜ ਈਰਾਨ ਤੋਂ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਖ਼ਰੀਦ ਸਕਦੀ ਹੈ। ਇਸ ਦੌਰਾਨ, ਸੰਯੁਕਤ ਰਾਸ਼ਟਰ ਦੇ ਇੱਕ ਡਿਪਲੋਮੈਟ ਨੇ ਕਿਹਾ ਕਿ ਈਰਾਨ ਨੇ ਸੁਰੱਖਿਆ ਪ੍ਰੀਸ਼ਦ ਦਾ ਸਾਲ 2015 ਦੇ ਮਤੇ ਦੀ ਉਲੰਘਣਾ ਕਰਕੇ ਰੂਸ ਨੂੰ ਸੈਂਕੜੇ ਮਿਜ਼ਾਈਲਾਂ ਅਤੇ ਡਰੋਨ ਜਹਾਜ਼ ਵੇਚਣ ਦੀ ਯੋਜਨਾ ਬਣਾਈ ਹੈ। ਇਸ ਮਤੇ ਨੇ ਤਹਿਰਾਨ ਅਤੇ 6 ਵੱਡੀਆਂ ਵਿਸ਼ਵ ਸ਼ਕਤੀਆਂ ਵਿਚਕਾਰ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਹੋਏ ਸਮਝੌਤੇ ਦਾ ਸਮਰਥਨ ਕੀਤਾ ਸੀ। ਡਿਪਲੋਮੈਟ ਮੁਤਾਬਕ 2015 ਦੇ ਸਮਝੌਤੇ 'ਤੇ ਹਸਤਾਖਰ ਕਰਨ ਵਾਲਿਆਂ 'ਚ ਰੂਸ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਸਮਝੌਤੇ ਦੀ ਉਲੰਘਣਾ ਤੋਂ ਵੀ ਜ਼ਿਆਦਾ ਅਹਿਮ ਇਹ ਸਵਾਲ ਹੈ ਕਿ ਈਰਾਨ ਤੋਂ ਡਰੋਨ ਅਤੇ ਮਿਜ਼ਾਈਲਾਂ ਦੇ ਬਦਲੇ ਮਾਸਕੋ ਉਸ ਨੂੰ ਕੀ ਦੇਵੇਗਾ।