ਰੂਸ ਦਾ ਨਵਾਂ ਕਦਮ, 61 ਅਮਰੀਕੀ ਨਾਗਰਿਕਾਂ 'ਤੇ ਲਗਾਈਆਂ ਪਾਬੰਦੀਆਂ

Tuesday, Jun 07, 2022 - 10:37 AM (IST)

ਰੂਸ ਦਾ ਨਵਾਂ ਕਦਮ, 61 ਅਮਰੀਕੀ ਨਾਗਰਿਕਾਂ 'ਤੇ ਲਗਾਈਆਂ ਪਾਬੰਦੀਆਂ

ਮਾਸਕੋ (ਏਜੰਸੀ): ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ 61 ਅਮਰੀਕੀ ਨਾਗਰਿਕਾਂ ‘ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਮੰਤਰਾਲੇ ਨੇ ਕਿਹਾ ਕਿ ਇਹ ਕਦਮ "ਰੂਸੀ ਰਾਜਨੀਤਿਕ ਅਤੇ ਜਨਤਕ ਸ਼ਖਸੀਅਤਾਂ ਦੇ ਨਾਲ-ਨਾਲ ਘਰੇਲੂ ਕਾਰੋਬਾਰ ਦੇ ਪ੍ਰਤੀਨਿਧਾਂ ਵਿਰੁੱਧ ਵੱਧਦੀਆਂ ਅਮਰੀਕੀ ਪਾਬੰਦੀਆਂ ਦੇ ਜਵਾਬ ਵਿੱਚ ਚੁੱਕਿਆ ਜਾ ਰਿਹਾ ਹੈ।" ਇਸ ਸੂਚੀ ਵਿਚ ਅਮਰੀਕੀ ਅਧਿਕਾਰੀ ਅਤੇ ਵੱਡੀਆਂ ਅਮਰੀਕੀ ਕੰਪਨੀਆਂ ਦੇ ਚੋਟੀ ਦੇ ਸਾਬਕਾ ਅਤੇ ਵਰਤਮਾਨ ਪ੍ਰਬੰਧਕ ਸ਼ਾਮਲ ਹਨ। ਇਸ ਸੂਚੀ ਵਿੱਚ ਵਿੱਤ ਮੰਤਰੀ ਜੈਨੇਟ ਯੇਲੇਨ, ਊਰਜਾ ਮੰਤਰੀ ਜੈਨੀਫਰ ਗ੍ਰਨਹੋਮ, ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਕੇਟ ਬੇਡਿੰਗਫੀਲਡ ਅਤੇ ਨੈੱਟਫਲਿਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰੀਡ ਹੇਸਟਿੰਗਜ਼ ਵਰਗੇ ਲੋਕ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਆਸਟ੍ਰੇਲੀਆ-ਕੈਨੇਡਾ ਦੇ ਜਹਾਜ਼ਾਂ ਨੂੰ ਖਤਰੇ 'ਚ ਪਾਉਣ ਦੇ ਦੋਸ਼ਾਂ ਨੂੰ ਕੀਤਾ ਖਾਰਜ

ਜਾਪਾਨ ਨੇ ਰੂਸ ਅਤੇ ਬੇਲਾਰੂਸ ਦੇ ਬੈਂਕਾਂ 'ਤੇ ਲਗਾਈ ਪਾਬੰਦੀ
ਉੱਧਰ ਜਾਪਾਨ ਸਰਕਾਰ ਨੇ ਰੂਸ ਦੀ ਵਿਸ਼ੇਸ਼ ਫ਼ੌਜੀ ਮੁਹਿੰਮ ਦੇ ਮੱਦੇਨਜ਼ਰ ਰੂਸ ਦੇ ਰੋਸਲਖੋਜ਼ਬੈਂਕ ਅਤੇ ਮਾਸਕੋ ਦੇ ਕ੍ਰੈਡਿਟ ਬੈਂਕ ਦੇ ਨਾਲ-ਨਾਲ ਬੇਲਾਰੂਸ ਦੇ ਵਿਕਾਸ ਅਤੇ ਪੁਨਰ ਨਿਰਮਾਣ ਬੈਂਕ 'ਤੇ ਪਾਬੰਦੀ ਲਗਾਈ ਹੈ। ਜਾਪਾਨ ਦੇ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਮੁਤਾਬਕ ਜਾਪਾਨ 'ਚ ਇਨ੍ਹਾਂ ਬੈਂਕਾਂ ਦੀ ਕਿਸੇ ਵੀ ਜਾਇਦਾਦ ਨੂੰ ਫਰੀਜ਼ ਕਰਨ ਦੇ ਨਾਲ-ਨਾਲ ਇਨ੍ਹਾਂ ਸੰਸਥਾਵਾਂ ਨਾਲ ਵਿੱਤੀ ਲੈਣ-ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀਆਂ 7 ਜੂਨ ਤੋਂ ਲਾਗੂ ਹੋਣਗੀਆਂ। ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ, ਉਨ੍ਹਾਂ ਉਤਪਾਦਾਂ ਦੇ ਨਿਰਯਾਤ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਜੋ ਰਸ਼ੀਅਨ ਫੈਡਰੇਸ਼ਨ ਦੇ ਉਦਯੋਗਿਕ ਅਧਾਰ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News