ਇਕੋ ਰਾਹ ਚੱਲੇ ਅਮਰੀਕਾ ਤੇ ਰੂਸ, ਡਿਪਲੋਮੈਟਾਂ ਨੇ ਬੰਨ੍ਹੇ ਆਪਣੇ ਸਾਮਾਨ

Sunday, Apr 01, 2018 - 12:28 PM (IST)

ਵਾਸ਼ਿੰਗਟਨ— ਮਾਸਕੋ ਅਤੇ ਪੱਛਮੀ ਦੇਸ਼ਾਂ ਦਰਮਿਆਨ ਚੱਲ ਰਹੇ ਡਿਪਲੋਮੈਟ ਸੰਕਟ ਦਰਮਿਆਨ ਰੂਸ ਅਤੇ ਅਮਰੀਕਾ ਦੇ ਡਿਪਲੋਮੈਟ ਆਪਣਾ ਸਾਮਾਨ ਬੰਨ੍ਹ ਕੇ ਆਪਣੇ-ਆਪਣੇ ਦੇਸ਼ ਰਵਾਨਾ ਹੋਣ ਦੀ ਤਿਆਰੀ ਵਿਚ ਹਨ। ਦਰਅਸਲ ਬ੍ਰਿਟੇਨ ਦੀ ਜ਼ਮੀਨ 'ਤੇ ਰੂਸ ਦੇ ਸਾਬਕਾ ਜਾਸੂਸ 'ਤੇ ਹੋਏ ਨਰਵ ਏਜੰਟ ਹਮਲੇ ਤੋਂ ਬਾਅਦ ਇੰਨੀ ਵੱਡੀਆਂ ਮਹਾਸ਼ਕਤੀਆਂ ਦਰਮਿਆਨ ਡਿਪਲੋਮੈਟ ਸੰਕਟ ਪੈਦਾ ਹੋ ਗਿਆ ਹੈ।
ਤਕਰੀਬਨ 50 ਪੁਰਸ਼, ਔਰਤਾਂ ਅਤੇ ਬੱਚੇ ਵਾਸ਼ਿੰਗਟਨ ਵਿਚ ਰੂਸ ਦੇ ਦੂਤਘਰ ਨੂੰ ਛੱਡ ਕੇ ਇਕ ਬੱਸ 'ਚ ਨਿਕਲੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਡਲੇਸ ਕੌਮਾਂਤਰੀ ਹਵਾਈ ਅੱਡੇ ਵੱਲ ਜਾ ਰਹੇ ਹਨ। ਕੁੱਲ 171 ਲੋਕ, ਜਿਨ੍ਹਾਂ 'ਚੋਂ 60 ਰੂਸੀ ਦੂਤ ਹਨ, ਜਿਨ੍ਹਾਂ 'ਤੇ ਵਾਸ਼ਿੰਗਟਨ ਨੇ ਜਾਸੂਸ ਹੋਣ ਦਾ ਦੋਸ਼ ਲਾਇਆ ਹੈ, ਇਹ ਆਪਣੇ ਪਰਿਵਾਰ ਨਾਲ ਰੂਸੀ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਦੋ ਜਹਾਜ਼ਾਂ ਜ਼ਰੀਏ ਆਪਣੇ ਦੇਸ਼ ਰਵਾਨਾ ਹੋ ਜਾਣਗੇ। ਇਹ ਜਹਾਜ਼ ਥੋੜ੍ਹੀ ਦੇਰ ਲਈ ਨਿਊਯਾਰਕ ਵਿਚ ਰੁਕਣਗੇ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ 60 ਅਮਰੀਕੀ ਡਿਪਲੋਮੈਟਾਂ ਨੂੰ ਕੱਢੇ ਜਾਣ ਦੇ ਐਲਾਨ ਤੋਂ ਬਾਅਦ ਸੈਂਟ ਪੀਟਰਸਬਰਗ 'ਚ ਵੀ ਅਮਰੀਕੀ ਦੂਤਘਰ ਕੋਲ ਟਰੱਕਾਂ ਦੀ ਆਵਾਜਾਈ ਚਲ ਰਹੀ ਹੈ ਅਤੇ ਦੂਤਘਰ 'ਤੇ ਅਮਰੀਕੀ ਝੰਡਾ ਝੁੱਕਿਆ ਹੋਇਆ ਹੈ। ਇਹ 'ਜੈਸੇ ਕੋ ਤੈਸਾ' ਵਾਲੀ ਕਾਰਵਾਈ ਰੂਸ ਵਲੋਂ ਬ੍ਰਿਟੇਨ ਤੋਂ ਆਪਣੇ ਡਿਪਲੋਮੈਟਾਂ ਦੀ ਗਿਣਤੀ 'ਚ ਕਮੀ ਕਰਨ ਦੀ ਮੰਗ ਤੋਂ ਬਾਅਦ ਹੋਈ ਹੈ। ਦਰਅਸਲ ਰੂਸ ਦੇ ਇਕ ਸਾਬਕਾ ਜਾਸੂਸ 'ਤੇ ਬ੍ਰਿਟੇਨ 'ਚ ਨਰਵ ਏਜੰਟ ਹਮਲੇ ਤੋਂ ਬਾਅਦ ਪੱਛਮੀ ਅਤੇ ਰੂਸ ਵਿਚ ਡਿਪਲੋਮੈਟ ਸੰਕਟ ਡੂੰਘਾ ਹੋ ਗਿਆ ਹੈ। ਹਾਲ ਦੇ ਸਾਲਾਂ ਵਿਚ ਰੂਸ ਅਤੇ ਪੱਛਮੀ ਦੇਸ਼ਾਂ ਦਰਮਿਆਨ ਡਿਪਲੋਮੈਟਾਂ ਦਾ ਇਹ ਸਭ ਤੋਂ ਵੱਡਾ ਦੇਸ਼ ਨਿਕਾਲਾ ਹੈ ਅਤੇ ਇਹ ਸ਼ੀਤ ਯੁੱਧ ਤੋਂ ਬਾਅਦ ਸੰਬੰਧਾਂ 'ਚ ਆਈ ਸਭ ਤੋਂ ਵੱਡੀ ਗਿਰਾਵਟ ਹੈ।


Related News