ਬ੍ਰਿਟਿਸ਼ ਅਤੇ ਜਾਪਾਨੀ ਪੀ.ਐੱਮ. ਦੇ ਬਾਅਦ ਹੁਣ ਰੂਸੀ ਡਿਪਟੀ ਪੀ.ਐੱਮ. ਨੇ ਰੱਦ ਕੀਤਾ ਭਾਰਤ ਦੌਰਾ
Thursday, Apr 22, 2021 - 07:08 PM (IST)
ਮਾਸਕੋ (ਏ.ਐੱਨ.ਆਈ.): ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਭਾਰਤ ਯਾਤਰਾ ਕਰਨ ਸੰਬੰਧੀ ਐਡਵਾਇਜ਼ਰੀ ਜਾਰ ਕੀਤੀ ਹੈ। ਕਈ ਦੇਸ਼ਾਂ ਨੇ ਭਾਰਤੀ ਨਾਗਰਿਕਾਂ ਦੇ ਆਪਣੇ ਇੱਥੇ ਆਉਣ ਲਈ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਰੂਸ ਦੇ ਡਿਪਟੀ ਪੀ.ਐੱਮ. ਯੂਰੀ ਬੋਰਿਸੋਵ ਨੇ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ। ਉਹਨਾਂ ਨੇ ਇਸ ਮਹੀਨੇ ਦੇ ਅਖੀਰ ਵਿਚ ਭਾਰਤ-ਰੂਸ ਵਪਾਰ, ਆਰਥਿਕ-ਸੱਭਿਆਚਾਰਕ ਅਤੇ ਵਿਗਿਆਨਕ ਸਹਿਯੋਗ ਲਈ ਭਾਰਤ ਦਾ ਦੌਰਾ ਕਰਨਾ ਸੀ।
ਇਸ ਤੋਂ ਪਹਿਲਾਂ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਅਤੇ ਜਾਪਾਨੀ ਪੀ.ਐੱਮ. ਯੋਸ਼ੀਹੀਦੇ ਸੁਗਾ ਨੇ ਵੀ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਜਾਨਸਨ ਨੇ ਭਾਰਤ ਵਿਚ ਵੱਧਦੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਸੀ। ਉਹ ਅਗਲੇ ਹਫ਼ਤੇ ਹੀ ਭਾਰਤ ਆਉਣ ਵਾਲੇ ਸਨ। ਇਸ ਤੋਂ ਪਹਿਲਾਂ ਇਸੇ ਸਾਲ 26 ਜਨਵਰੀ ਦੇ ਆਯੋਜਨ ਵਿਚ ਜਾਨਸਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸਨ ਪਰ ਉਸ ਸਮੇਂ ਵੀ ਕੋਰੋਨਾ ਮਾਮਲਿਆਂ ਕਾਰਨ ਦੌਰਾ ਰੱਦ ਕਰ ਦਿੱਤਾ ਸੀ।