ਅਰਮੀਨੀਆ-ਅਜ਼ਰਬੈਜਾਨ ''ਚ ਚੱਲ ਰਹੇ ਯੁੱਧ ''ਚ ਮਾਰੇ ਗਏ 5 ਹਜ਼ਾਰ ਲੋਕ : ਪੁਤਿਨ
Friday, Oct 23, 2020 - 06:24 PM (IST)
ਮਾਸਕੋ (ਬਿਊਰੋ):: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਨਾਗੋਰਨੋ-ਕਾਰਾਬਾਖ ਇਲਾਕੇ ਵਿਚ ਅਰਮੀਨੀਆ ਅਤੇ ਅਜ਼ਰਬੈਜਾਨ ਦੇ ਵਿਚ ਚੱਲ ਰਹੇ ਯੁੱਧ ਵਿਚ ਹੁਣ ਤੱਕ 5 ਹਜਾਰ ਤੋਂ ਵਧੇਰੇ ਲੋਕ ਮਾਰੇ ਗਏ ਹਨ। ਪੁਤਿਨ ਨੇ ਵੀਰਵਾਰ ਨੂੰ ਇਕ ਬੈਠਕ ਵਿਚ ਕਿਹਾ ਕਿ ਦੋਹਾਂ ਹੀ ਪੱਖਾਂ ਦੇ ਦੋ-ਦੋ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਰੂਸ ਅਤੇ ਚੀਨ ਦੇ ਵਿਚ ਮਿਲਟਰੀ ਗਠਜੋੜ ਦੀ ਲੋੜ ਨਹੀਂ ਹੈ ਪਰ ਭਵਿੱਖ ਵਿਚ ਇਸ ਵਿਚਾਰ ਦਾ ਖੰਡਨ ਨਹੀਂ ਕੀਤਾ ਜਾ ਸਕਦਾ।
ਉੱਧਰ ਨਾਗੋਰਨੋ-ਕਾਰਾਬਾਖ ਦਾ ਕਹਿਣਾ ਹੈ ਕਿ 27 ਸਤੰਬਰ ਤੋਂ ਹੁਣ ਤੱਕ 874 ਸੈਨਿਕ ਮਾਰੇ ਗਏ ਹਨ ਅਤੇ ਇਸ ਦੇ ਇਲਾਵਾ 37 ਆਮ ਨਾਗਰਿਕ ਮਾਰੇ ਗਏ ਹਨ। ਇਸ ਵਿਚ ਅਜ਼ਰਬੈਜਾਨ ਨੇ ਕਿਹਾ ਹੈ ਕਿ ਉਸ ਦੇ 61 ਨਾਗਰਿਕ ਮਾਰੇ ਗਏ ਹਨ ਅਤੇ 291 ਜ਼ਖਮੀ ਹੋਏ ਹਨ। ਅਜ਼ਰਬੈਜਾਨ ਨੇ ਸੈਨਿਕਾਂ ਦੇ ਮਾਰੇ ਜਾਣ ਦੀ ਗਿਣਤੀ ਨਹੀਂ ਦੱਸੀ ਹੈ। ਇਸ ਭਿਆਨਕ ਯੁੱਧ ਵਿਚ ਪੁਤਿਨ ਨੇ ਕਿਹਾ ਕਿ ਅਮਰੀਕਾ ਇਸ ਵਿਵਾਦ ਦੇ ਹੱਲ ਵਿਚ ਰੂਸ ਦੀ ਮਦਦ ਕਰੇਗਾ।
ਤੁਰਕੀ ਨੇ ਕੀਤਾ ਸਮਰਥਨ
ਰੂਸੀ ਰਾਸ਼ਟਰਪਤੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅਰਮੀਨੀਆ ਅਤੇ ਅਜ਼ਰਬੈਜਾਨ ਦੀ ਜੰਗ ਵਿਚ ਹੁਣ ਤੁਰਕੀ ਖੁੱਲ੍ਹ ਕੇ ਅਜ਼ਰਬੈਜਾਨ ਦੇ ਸਮਰਥਨ ਵਿਚ ਆਉਂਦਾ ਦਿਸ ਰਿਹਾ ਹੈ। ਮੱਧ ਏਸ਼ੀਆ ਵਿਚ ਖਲੀਫਾ ਬਣਨ ਦੀ ਇੱਛਾ ਰੱਖਣ ਵਾਲੇ ਤੁਰਕੀ ਨੇ ਹੁਣ ਐਲਾਨ ਕੀਤਾ ਹੈਕਿ ਜੇਕਰ ਅਜ਼ਰਬੈਜਾਨ ਵੱਲੋਂ ਅਪੀਲ ਕੀਤੀ ਗਈ ਤਾਂ ਉਹ ਆਪਣੀ ਸੈਨਾ ਨੂੰ ਭੇਜਣ ਲਈ ਤਿਆਰ ਹੈ। ਸੁਪਰਪਾਵਰ ਰੂਸ ਦੇ ਗੁਆਂਢੀ ਦੇਸ਼ਾਂ ਅਰਮੀਨੀਆ ਅਤੇ ਅਜ਼ਰਬੈਜਾਨ ਦੇ ਵਿਚ ਨਾਗੋਰਨੋ-ਕਾਰਾਬਾਖ ਇਲਾਕੇ 'ਤੇ ਕਬਜ਼ੇ ਦੇ ਲਈ ਯੁੱਧ ਜਾਰੀ ਹੈ। ਜੇਕਰ ਤੁਰਕੀ ਇਸ ਵਿਚ ਸ਼ਾਮਲ ਹੁੰਦਾ ਹੈ ਤਾਂ ਤੀਜੇ ਵਿਸ਼ਵ ਯੁੱਧ ਦਾ ਖਤਰਾ ਪੈਦਾ ਹੋ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਤਾਲਾਬੰਦੀ ਦੇ ਵਿਰੋਧ 'ਚ ਪ੍ਰਦਰਸ਼ਨ, ਪੁਲਸ ਨਾਲ ਜ਼ੋਰਦਾਰ ਝੜਪ (ਵੀਡੀਓ)
ਤੁਰਕੀ ਦੇ ਉਪ ਰਾਸ਼ਟਰਪਤੀ ਫੌਤ ਓਕਤਾਏ ਨੇ ਕਿਹਾ ਹੈ ਕਿ ਜੇਕਰ ਅਜ਼ਰਬੈਜਾਨ ਵੱਲੋਂ ਸੈਨਾ ਭੇਜਣ ਦੀ ਅਪੀਲੀ ਕੀਤੀ ਜਾਂਦੀ ਹੈ ਤਾਂ ਤੁਰਕੀ ਆਪਣੇ ਸੈਨਿਕਾਂ ਅਤੇ ਮਿਲਟਰੀ ਮਦਦ ਨੂੰ ਦੇਣ ਤੋਂ ਪਿੱਛੇ ਨਹੀਂ ਹਟੇਗਾ। ਭਾਵੇਂਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਅਪੀਲ ਅਜ਼ਰਬੈਜਾਨ ਵੱਲੋਂ ਨਹੀਂ ਕੀਤੀ ਗਈ ਹੈ। ਤੁਰਕੀ ਨੇ ਅਜ਼ਰਬੈਜਾਨ ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹੋਏ ਦੋਸ਼ ਲਗਾਇਆ ਕਿ ਅਰਮੀਨੀਆ ਬਾਕੂ ਦੀ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ।
ਬੁੱਧਵਾਰ ਨੂੰ ਸੀ.ਐੱਨ.ਐੱਨ. ਦੇ ਨਾਲ ਗੱਲਬਾਤ ਵਿਚ ਤੁਰਕੀ ਦੇ ਉਪ ਰਾਸ਼ਟਰਪਤੀ ਨੇ ਫਰਾਂਸ, ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲੇ ਗੁੱਟ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਸਮੂਹ ਨਹੀਂ ਚਾਹੁੰਦਾ ਹੈ ਕਿ ਨਾਗੋਰਨੋ-ਕਾਰਾਬਾਖ ਦਾ ਵਿਵਾਦ ਖਤਮ ਹੋ ਜਾਵੇ। ਉਹਨਾਂ ਨੇ ਇਹ ਦੋਸ਼ ਵੀ ਲਗਾਇਆ ਕਿ ਇਹ ਸਮੂਹ ਅਰਮੀਨੀਆ ਦੀ ਰਾਜਨੀਤਕ ਅਤੇ ਮਿਲਟਰੀ ਰੂਪ ਨਾਲ ਮਦਦ ਕਰ ਰਿਹਾ ਹੈ। ਇੱਥੇ ਦੱਸ ਦਈਏ ਕਿ ਫਰਾਂਸ, ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲਾ ਇਹ ਸਮੂਹ ਅਰਮੀਨੀਆ-ਅਜ਼ਰਬੈਜਾਨ ਦੇ ਵਿਚ ਵਿਵਾਦ ਹੱਲ ਕਰਨ ਲਈ ਮਦਦ ਕਰ ਰਿਹਾ ਹੈ।