ਰੂਸ ਤੇ ਭਾਰਤ ਰੱਖਿਆ ਉਦਯੋਗ ਸਹਿਯੋਗ ''ਤੇ ਕਰਨਗੇ ਕੰਮ
Thursday, Nov 07, 2019 - 02:01 PM (IST)

ਮਾਸਕੋ— ਰੂਸ ਦੇ ਉਪ ਪ੍ਰਧਾਨ ਮੰਤਰੀ ਯੁਰੀ ਬੋਰਿਸੋਵ ਨੇ ਕਿਹਾ ਕਿ ਭਾਰਤ ਤੇ ਰੂਸ ਰੱਖਿਆ ਉਦਯੋਗ ਸਹਿਯੋਗ ਦੇ ਇਕ ਪ੍ਰੋਗਰਾਮ 'ਚ ਤਾਲਮੇਲ 'ਤੇ ਕੰਮ ਕਰ ਰਹੇ ਹਨ ਤੇ ਇਸ ਨੂੰ ਸਾਲ 2030 ਤੱਕ ਪੂਰਾ ਕੀਤਾ ਜਾਵੇਗਾ। ਸ਼੍ਰੀ ਬੋਰਿਸੋਵ ਨੇ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਇਥੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਭਾਰਤ ਰੂਸੀ ਹਥਿਆਰਾਂ ਦੇ ਸਭ ਤੋਂ ਵੱਡੇ ਖਰੀਦਦਾਰਾਂ 'ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਸਾਲ 2030 ਤੱਕ ਰੂਸ ਤੇ ਭਾਰਤ ਫੌਜ-ਤਕਨੀਕ ਸਹਿਯੋਗ ਦੇ ਇਕ ਪ੍ਰੋਗਰਾਮ 'ਚ ਤਾਲਮੇਲ ਕਰਨ ਲਈ ਕੰਮ ਚੱਲ ਰਿਹਾ ਹੈ।
ਸ਼੍ਰੀ ਸਿੰਘ ਅਸਲ 'ਚ ਰੱਖਿਆ ਮੰਤਰੀ ਬਣਨ ਤੋਂ ਬਾਅਦ ਰੂਸ ਦੀ ਪਹਿਲੀ ਯਾਤਰਾ 'ਤੇ ਹਨ। ਰੂਸੀ ਸਰਕਾਰ ਦੀ ਵੈੱਬਸਾਈਟ 'ਤੇ ਜਾਰੀ ਇਕ ਬਿਆਨ ਮੁਤਾਬਕ ਬੋਰਿਸੋਵ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਰੂਸ ਤੇ ਭਾਰਤ ਨੇ ਸਫਲਤਾਪੂਰਵਕ ਰੱਖਿਆ ਖੇਤਰ 'ਚ ਇਕ ਦੂਜੇ ਨੂੰ ਸਹਿਯੋਗ ਦਿੱਤਾ ਹੈ। ਵਿਸ਼ੇਸ਼ ਰੂਪ ਨਾਲ ਭਾਰਤ ਨੂੰ ਐੱਸ-400 ਹਵਾਈ ਰੱਖਿਆ ਮਿਜ਼ਾਇਲ ਪ੍ਰਣਾਲੀ ਦੇਣ 'ਤੇ। ਭਾਰਤ ਤੇ ਰੂਸ ਨੇ ਅਕਤੂਬਰ 2018 'ਚ ਭਾਰਤ ਨੂੰ ਪੰਜ ਅਰਬ ਡਾਲਰ ਦੀ ਐੱਸ-400 ਹਵਾਈ ਰੱਖਿਆ ਮਿਜ਼ਾਇਲ ਰੱਖਿਆ ਪ੍ਰਣਾਲੀ ਦੇਣ 'ਤੇ ਦਸਤਖਤ ਕੀਤੇ ਸਨ।