ਯੂ. ਕੇ. : ਭਾਰਤੀ ਮੂਲ ਦੇ ਸਾਬਕਾ ਕਾਮੇ ਨੂੰ ਰਾਇਲ ਮੇਲ ਭੁਗਤਾਨ ਕਰੇਗੀ 2.30 ਲੱਖ ਪੌਂਡ
Thursday, Jan 07, 2021 - 05:11 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਰਾਇਲ ਮੇਲ ਦੇ ਇਕ ਸਾਬਕਾ ਮੈਨੇਜਰ ਨੂੰ ਦਫ਼ਤਰ ਵਿਚ ਕੰਮ ਦੌਰਾਨ ਤੰਗ ਪ੍ਰੇਸ਼ਾਨ ਅਤੇ ਵਿਤਕਰੇ ਦਾ ਸਾਹਮਣਾ ਕਰਨ 'ਤੇ ਉਸ ਨੂੰ ਤਕਰੀਬਨ 2,30,000 ਪੌਂਡ ਦਾ ਮੁਆਵਜ਼ਾ ਮਿਲਣ ਜਾ ਰਿਹਾ ਹੈ । ਭਾਰਤੀ ਮੂਲ ਦੇ ਮੈਨੇਜਰ ਮਥਨ ਸ਼ੂਨਮੁਗਾਰਾਜਾ ਨੂੰ ਇਕ ਸਹਿਕਰਮੀ ਨੇ ਮੁਸਲਮਾਨ ਕਹਿ ਕੇ ਅਪਮਾਨਜਨਕ ਸ਼ਬਦ ਬੋਲੇ ਸਨ ਜਦਕਿ ਸ਼ੂਨਮੁਗਾਰਾਜਾ ਹਿੰਦੂ ਹੈ।
ਅਦਾਲਤ ਅਨੁਸਾਰ ਸ਼ੂਨਮੁਗਾਰਾਜਾ ਦੀ ਸਿਹਤ ਨਾ ਠੀਕ ਹੋਣ ਕਾਰਨ ਉਹ ਛੁੱਟੀ ਲੈ ਕੇ ਗਿਆ ਪਰ ਉਸ ਦੇ ਉੱਪਰਲੇ ਅਧਿਕਾਰੀ ਉਸ ਦੀ ਤਨਖ਼ਾਹ ਬੰਦ ਕਰਨ ਦੀਆਂ ਧਮਕੀਆਂ ਦਿੰਦੇ ਰਹੇ। ਇਸ ਕਾਰਨ ਉਹ ਕਾਫੀ ਪਰੇਸ਼ਾਨ ਹੋ ਗਿਆ। ਸ਼ੂਨਮੁਗਾਰਾਜਾ ਨੇ ਅਗਸਤ 2007 ਵਿਚ ਕਾਰਡਿਫ "ਚ ਰਾਇਲ ਮੇਲ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ 2017 ਤੱਕ ਉਸ ਦੀ ਸਾਲਾਨਾ ਤਨਖ਼ਾਹ 32,000 ਪੌਂਡ ਹੋ ਗਈ ਸੀ। ਜੂਨ 2017 ਵਿਚ ਸ਼ੂਨਮੁਗਾਰਾਜਾ ਨੂੰ ਜਾਤੀਗਤ ਵਿਰੋਧੀ ਸ਼ਬਦ ਬੋਲੇ ਗਏ, ਜਿਸ ਕਾਰਨ ਉਸ ਉੱਤੇ ਇਸ ਦਾ ਬੁਰਾ ਪ੍ਰਭਾਵ ਪਿਆ।
ਸ਼ੂਨਮੁਗਾਰਾਜਾ ਅਨੁਸਾਰ ਉਸ ਦੇ ਸਾਥੀ ਕਰਮਚਾਰੀ ਨੇ ਇਹ ਟਿੱਪਣੀ ਉਸ ਦੇ ਲਾਈਨ ਮੈਨੇਜਰ ਦੇ ਸਾਹਮਣੇ ਕੀਤੀ ਗਈ ਸੀ ਪਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਭ ਨਾਲ ਸ਼ੁਨਮੁਗਾਰਾਜਾ ਨੂੰ ਮਾਨਸਿਕ ਦੁੱਖ ਸਹਿਣਾ ਪਿਆ। ਆਰਥਿਕ ਨੁਕਸਾਨ ਦੇ ਨਾਲ-ਨਾਲ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਦਾਲਤ ਨੇ ਰਾਇਲ ਮੇਲ ਨੂੰ 2,29,000 ਪੌਂਡ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।