ਰੋਮ : ਮਹਾਤਮਾ ਗਾਂਧੀ ਦੀ ਜਯੰਤੀ ਨੂੰ ਸਮਰਪਿਤ ''ਹਾਫ਼ ਮੈਰਾਥਨ'' ਦਾ ਤੀਜਾ ਐਡੀਸ਼ਨ ਸੰਪੰਨ

09/23/2019 9:32:24 AM

ਰੋਮ, (ਕੈਂਥ)— ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਪੂਰੀ ਦੁਨੀਆ ਵਿੱਚ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਵੱਲੋਂ ਸਥਾਨਕ ਬਾਸ਼ਿੰਦਿਆਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹਪੂਰਵਕ ਮਨਾਈ ਜਾ ਰਹੀ ਹੈ ਤੇ ਇਸੇ ਲੜੀ ਤਹਿਤ ਹਾਫ਼-ਮੈਰਾਥਨ ਦਾ ਤੀਜਾ ਐਡੀਸ਼ਨ ਰੋਮ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਹਰ ਉਮਰ ਦੇ ਹਜ਼ਾਰਾਂ ਲੋਕਾਂ ਦੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
PunjabKesari

 

ਇਸ ਹਾਫ਼-ਮੈਰਾਥਨ ਸਮਾਗਮ ਨੂੰ ਰੋਮ ਸ਼ਹਿਰ ਦੀ ਮੇਅਰ ਮੈਡਮ ਵਰਜੀਨੀਆ ਰਾਜੀ ਨੇ ਭਾਰਤੀ ਅੰਬੈਸੀ ਰੋਮ ਦੇ ਰਾਜਦੂਤ ਮੈਡਮ ਰੀਨਤ ਸੰਧੂ ਦੀ ਹਾਜ਼ਰੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌੜ ਦਾ ਮੈਡਲ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 150 ਵੀਂ ਜਨਮ ਦਿਵਸ ਦੇ ਸਮਾਰੋਹ ਲਈ ਸਮਰਪਿਤ ਕੀਤਾ ਗਿਆ। ਮੇਅਰ ਰਾੱਜੀ ਨੇ ਜ਼ੋਰ ਦੇ ਕੇ ਕਿਹਾ ਕਿ ਰੋਮ ਸ਼ਹਿਰ ਅੰਤਰ-ਧਾਰਮਿਕ ਸੰਵਾਦ ਦੇ ਇਤਿਹਾਸ ਦੀ ਮਿਸਾਲ ਹੈ ਅਤੇ ਇਹ ਮਹੱਤਵਪੂਰਣ ਹੈ ਕਿ 'ਹਾਫ ਮੈਰਾਥਨ' ਮਹਾਤਮਾ ਗਾਂਧੀ ਨੂੰ ਸਮਰਪਿਤ ਕੀਤਾ ਗਿਆ ਜਿਨ੍ਹਾਂ ਨੇ ਸ਼ਾਂਤੀ ਅਤੇ ਅਹਿੰਸਾ ਦੇ ਸੰਦੇਸ਼ ਨੂੰ ਪੂਰੀ ਦੁਨੀਆ ਵਿੱਚ ਫੈਲਾਇਆ।
 

PunjabKesari

ਰਾਜਦੂਤ ਮੈਡਮ ਰੀਨਤ ਸੰਧੂ ਨੇ ਕਿਹਾ ਕਿ ਮਹਾਤਮਾ ਗਾਂਧੀ ਵਿਸ਼ਵ ਭਰ ਦੇ ਲੋਕਾਂ ਲਈ ਇੱਕ ਪ੍ਰੇਰਣਾਦਾਇਕ ਅਤੇ ਸਦੀਵੀ ਸ਼ਖਸੀਅਤ ਰਹੀ ਹੈ ਅਤੇ ਖੁਸ਼ੀ ਜ਼ਾਹਰ ਕੀਤੀ ਕਿ 'ਹਾਫ ਮੈਰਾਥਨ' ਲਈ ਮੈਡਲ ਮਹਾਤਮਾ ਗਾਂਧੀ ਨੂੰ ਸਮਰਪਿਤ ਕੀਤਾ ਗਿਆ। ਉਨ੍ਹਾਂ ਨੇ ਇਸ ਸਨਮਾਨ ਲਈ 'ਸਿਟੀ ਆਫ ਰੋਮ' ਅਤੇ 'ਇਤਾਲਵੀ ਐਥਲੈਟਿਕਸ ਫੈਡਰੇਸ਼ਨ' ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਮਹਾਤਮਾ ਗਾਂਧੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਹਰ ਇਕ ਨੂੰ ਸਾਰੇ ਭਾਈਚਾਰਿਆਂ ਪ੍ਰਤੀ ਸਹਿਣਸ਼ੀਲਤਾ ਅਤੇ ਸਤਿਕਾਰ ਦੇ ਮਾਰਗ 'ਤੇ ਚੱਲਣ ਲਈ ਸਦਾ ਪ੍ਰੇਰਿਤ ਕਰਨਗੀਆਂ।

ਈਸਾਈ ਧਰਮ ਮੁਖੀ ਪੋਪ ਫਰਾਂਸਿਸ ਨੇ ਵੀ ਰੋਮ ਦੀਆਂ ਗਲੀਆਂ ਪਾਰ ਕਰਨ ਲਈ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਵਿਚ ਸ਼ਾਂਤੀ, ਭਾਈਚਾਰੇ ਅਤੇ ਸਮਝ ਦਾ ਸੰਦੇਸ਼ ਦੇਣ ਲਈ ਸਮੂਹ ਭਾਗੀਦਾਰਾਂ ਨੂੰ ਵਧਾਈ ਦਿੱਤੀ। ਇਹ ਸਾਲ ਮਹਾਤਮਾ ਗਾਂਧੀ ਦੀ ਵਿਸ਼ਵਵਿਆਪੀ ਵਿਰਾਸਤ ਨੂੰ ਸ਼ਰਧਾਂਜਲੀ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਉਹਨਾਂ ਦੀਆਂ ਸਮਾਜ ਪ੍ਰਤੀ ਸਿੱਖਿਆਵਾਂ ਦਾ ਵਿਸ਼ੇਸ ਜ਼ਿਕਰ ਕੀਤਾ ਜਾ ਰਿਹਾ ਹੈ ਕਿਉਂਕਿ ਗਾਂਧੀ ਜੀ ਦੀਆਂ ਇਹ ਸਿੱਖਿਆਵਾਂ ਸਦਾ ਸਾਡੀ ਅਗਵਾਈ ਕਰਦੀਆਂ ਰਹਿਣਗੀਆਂ।


Related News