ਰੋਮ ਅੰਬੈਸੀ ਨੇ ਪਾਸਪੋਰਟ ਸਬੰਧੀ ਮੁਸ਼ਕਲਾਂ ਦਾ ਕੀਤਾ ਹੱਲ

10/14/2019 1:48:42 PM

ਮਿਲਾਨ, (ਸਾਬੀ ਚੀਨੀਆ)— ਰੋਮ ਅੰਬੈਸੀ ਅਧਿਕਾਰੀਆਂ ਨੇ ਇਟਲੀ ਦੇ ਦੱਖਣੀ ਹਿੱਸੇ ਬਾਰੀ 'ਚ ਇਕ ਪਾਸਪੋਰਟ ਕੈਂਪ ਲਗਾ ਕੇ 200 ਦੇ ਕਰੀਬ ਭਾਰਤੀਆਂ ਦੀਆਂ ਪਾਸਪੋਰਟ ਸਬੰਧੀ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ। 'ਇੰਡੀਅਨ ਵੈੱਲਫੇਅਰ ਐਸੋਸੀਏਸ਼ਨ ਬਾਰੀ' ਦੇ ਸਹਿਯੋਗ ਨਾਲ ਇਸ ਪਾਸਪੋਰਟ ਕੈਂਪ ਵਿਚ ਫਸਟ ਸੈਕਟਰੀ ਮੈਡਮ ਸਾਰੂਚੀ ਸ਼ਰਮਾ ਦੀ ਅਗਵਾਈ ਹੇਠ ਪੁੱਜੇ ਅਮਲੇ ਵਲੋਂ ਲੋੜਵੰਦਾਂ ਦੀਆਂ ਮੁਸ਼ਕਲਾਂ ਬੜੀ ਧਿਆਨ ਨਾਲ ਸੁਣ ਕੇ ਉਨ੍ਹਾਂ ਦਾ ਹਰ ਸੰਭਵ ਹੱਲ ਅਤੇ ਮਦਦ ਕੀਤੀ ਗਈ। ਰੋਮ ਤੋਂ ਕੋਈ 400 ਕਿਲੋਮੀਟਰ ਦੂਰੀ 'ਤੇ ਲੱਗਿਆ ਇਹ ਕੈਂਪ ਭਾਰਤੀ ਪਰਿਵਾਰਾਂ ਲਈ ਸੋਨੇ 'ਤੇ ਸੁਹਾਗਾ ਸਾਬਿਤ ਹੋਇਆ।
PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਾਰੀ ਅਤੇ ਨੇੜੇ ਰਹਿੰਦੇ ਭਾਰਤੀਆਂ ਨੂੰ ਪਾਸਪੋਰਟ ਰੀਨਿਊ ਕਰਵਾਉਣ ਲਈ ਛੋਟੇ-ਛੋਟੇ ਬੱਚਿਆਂ ਨਾਲ ਰੋਮ ਤਕ ਦਾ ਸਫਰ ਕਰਨ ਦੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਅੰਬੈਸੀ ਨੇ ਇਕ ਸਾਲ ਵਿਚ ਦੂਜੀ ਵਾਰ ਉਪਰਾਲਾ ਕਰਦੇ ਹੋਏ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖ ਕੇ ਪਾਸਪੋਰਟ ਕੈਂਪ ਲਾ ਕੇ ਕੀਮਤ, ਸਮਾਂ ਅਤੇ ਖੱਜਲ ਖੁਆਰੀ ਤੋਂ ਬਚਾਇਆ। ਇਸ ਕੈਂਪ ਲਈ ਸਾਰੀਆਂ ਲੋੜੀਦੀਆਂ ਤਿਆਰੀਆਂ ਕਰਕੇ ਗੁਰਮੇਲ ਸਿੰਘ ਖਾਲਸਾ, ਹਰਇੰਦਰ ਸਿੰਘ, ਰਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਮਦੋਨੋ ਅਤੇ ਰੁਪਇੰਦਰ ਸਿੰਘ ਰਿੰਮੀ ਨੇ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਸਪੋਰਟ ਅਪਲਾਈ ਕਰਨ ਲਈ ਜਿਹੜੇ ਫਾਰਮ ਜਾਂ ਫੋਟੋ ਕਾਪੀਆਂ ਦੀ ਲੋੜ ਸੀ, ਉਹ ਇਲਾਕੇ ਦੇ ਦੁਕਾਨਦਾਰਾਂ ਵਲੋਂ ਬਿਲਕੁਲ ਮੁਫਤ ਨਿਭਾਈ ਗਈ।


Related News