ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਯਾਦਸ਼ਕਤੀ ਖਤਮ ਹੋਣ ਦਾ ਖਤਰਾ

Friday, Apr 13, 2018 - 04:44 PM (IST)

ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਯਾਦਸ਼ਕਤੀ ਖਤਮ ਹੋਣ ਦਾ ਖਤਰਾ

ਨਿਊਯਾਰਕ (ਭਾਸ਼ਾ)— ਵਿਗਿਆਨੀਆਂ ਦੇ ਇਕ ਅਧਿਐਨ ਮੁਤਾਬਕ ਮੱਧ ਉਮਰ ਦੇ ਲੋਕਾਂ ਵਿਚ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਯਾਦਸ਼ਕਤੀ ਖਤਮ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਅਧਿਐਨ ਵਿਚ ਭਾਰਤੀ ਮੂਲ ਦੀ ਇਕ ਵਿਗਿਆਨੀ ਵੀ ਸ਼ਾਮਲ ਹੈ। ਇਸ ਅਧਿਐਨ ਵਿਚ ਸ਼ੋਧ ਕਰਤਾਵਾਂ ਨੇ 45 ਤੋਂ 75 ਸਾਲ ਦੀ ਉਮਰ ਦੇ 35 ਲੋਕਾਂ ਨੂੰ ਸ਼ਾਮਲ ਕੀਤਾ। ਸ਼ੋਧ ਕਰਤਾਵਾਂ ਵਿਚ ਅਮਰੀਕਾ ਦੇ ਲਾਸ ਏਂਜਲਸ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਪ੍ਰਭਾ ਸਿਧਾਰਥ ਵੀ ਸ਼ਾਮਲ ਹਨ। ਸ਼ੋਧ ਕਰਤਾਵਾਂ ਨੇ ਅਧਿਐਨ ਵਿਚ ਭਾਗ ਲੈਣ ਵਾਲਿਆਂ ਦੇ ਪੱਧਰ ਅਤੇ ਰੋਜ਼ਾਨਾ ਬੈਠਣ ਦੇ ਘੰਟਿਆਂ ਬਾਰੇ ਜਾਣਕਾਰੀ ਮੰਗੀ। ਅਧਿਐਨ ਵਿਚ ਹਰ ਵਿਅਕਤੀ ਦਾ ਉੱਚ ਰੈਜ਼ੋਲੂਸ਼ਨ ਵਾਲਾ ਐੱਮ. ਆਈ. ਆਰ. ਸਕੈਨ ਕੀਤਾ ਗਿਆ ਜੋ 'ਮੈਡੀਅਲ ਟੈਮਪੋਰਲ ਲੌਬ' (ਐੱਮ. ਟੀ. ਐੱਲ.) ਦੇ ਬਾਰੇ ਵਿਚ ਵਿਸਤ੍ਰਿਤ ਜਾਣਕਾਰੀ ਉਪਲਬਧ ਕਰਵਾਉਂਦਾ ਹੈ। ਐੱਮ. ਟੀ. ਐੱਲ. ਦਿਮਾਗ ਦਾ ਇਕ ਅਜਿਹਾ ਹਿੱਸਾ ਹੈ, ਜਿੱਥੇ ਨਵੀਂ ਯਾਦਦਾਸ਼ਤ ਇਕੱਠੀ ਹੁੰਦੀ ਹੈ। ਸ਼ੋਧ ਕਰਤਾਵਾਂ ਨੇ ਪਾਇਆ ਕਿ ਜ਼ਿਆਦਾ ਦੇਰ ਤੱਕ ਬੈਠਣ ਨਾਲ ਐੱਮ. ਟੀ. ਐੱਲ. ਪਤਲਾ ਹੋ ਸਕਦਾ ਹੈ। ਲੰਬੇ ਸਮੇਂ ਤੱਕ ਬੈਠਣ ਦੇ ਮਾੜੇ ਨਤੀਜਿਆਂ ਨੂੰ ਦੂਰ ਕਰਨ ਲਈ ਜ਼ਿਆਦਾ ਸਰੀਰਕ ਗਤੀਵਿਧੀਆਂ ਵੀ ਨਾਕਾਫੀ ਹਨ। ਐੱਮ. ਟੀ. ਐੱਲ. ਦਾ ਪਤਲਾ ਹੋਣਾ ਸੋਚਣ-ਸਮਝਣ ਦੀ ਸਮਰੱਥਾ ਦੇ ਘੱਟ ਹੋਣ ਦੇ ਸੰਕੇਤ ਹੋ ਸਕਦੇ ਹਨ ਅਤੇ ਇਸ ਨਾਲ ਮੱਧ ਉਮਰ ਦੇ ਲੋਕਾਂ ਜਾਂ ਬਜ਼ੁਰਗਾਂ ਦੀ ਯਾਦਸ਼ਕਤੀ ਖਤਮ ਹੋਣ ਦਾ ਖਤਰਾ ਵੱਧ ਜਾਂਦਾ ਹੈ।


Related News