ਰਿਸ਼ੀ ਸੁਨਕ ਨੇ ਬ੍ਰਿਟੇਨ ਦਾ ਅਗਲਾ PM ਬਣਨ ਲਈ ਪੇਸ਼ ਕੀਤਾ ਦਾਅਵਾ, ਦੌੜ 'ਚ ਸ਼ਾਮਲ ਨੇ ਇਹ ਚਿਹਰੇ
Saturday, Jul 09, 2022 - 11:50 AM (IST)
ਲੰਡਨ (ਏਜੰਸੀ)- ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਅਤੇ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਬੋਰਿਸ ਜੌਨਸਨ ਦੀ ਥਾਂ ਲੈਣ ਲਈ ਸ਼ੁੱਕਰਵਾਰ ਨੂੰ ਰਸਮੀ ਤੌਰ 'ਤੇ ਦਾਅਵੇਦਾਰੀ ਪੇਸ਼ ਕੀਤੀ। ਇਸ ਹਫ਼ਤੇ ਦੇ ਸ਼ੁਰੂ ਵਿੱਚ ਜਾਨਸਨ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਚੁੱਕੇ ਬ੍ਰਿਟਿਸ਼ ਭਾਰਤੀ ਮੰਤਰੀ ਸਰਵਉੱਚ ਅਹੁਦੇ ਵਾਲੇ ਅਜਿਹੇ ਟੋਰੀ ਨੇਤਾ ਸਨ, ਜਿਨ੍ਹਾਂ ਵੱਲੋਂ ਲੀਡਰਸ਼ਿਪ ਦੀ ਦੌੜ ਵਿਚ ਦਾਅਵੇਦਾਰੀ ਪੇਸ਼ ਕੀਤੀ ਜਾਣੀ ਬਾਕੀ ਸੀ। ਦੱਸ ਦੇਈਏ ਕਿ ਬ੍ਰਿਟੇਨ ਦਾ ਪੀ. ਐੱਮ. ਬਣਨ ਲਈ ਭਾਰਤੀ ਮੂਲ ਦੇ ਜਿਹੜੇ ਨਾਮ ਉੱਭਰ ਕੇ ਸਾਹਮਣੇ ਆਏ ਹਨ, ਉਨ੍ਹਾਂ ’ਚ ਰਿਸ਼ੀ ਸੁਨਕ ਤੋਂ ਇਲਾਵਾ ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਅਤੇ ਬ੍ਰਿਟਿਸ਼ ਕੈਬਨਿਟ ’ਚ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਵੀ ਸ਼ਾਮਲ ਹੈ।
ਉਨ੍ਹਾਂ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਿੱਚ ਕਿਹਾ, "ਕਿਸੇ ਨੂੰ ਇਸ ਪਲ ਨੂੰ ਫੜਨਾ ਹੋਵੇਗਾ ਅਤੇ ਸਹੀ ਫ਼ੈਸਲਾ ਲੈਣਾ ਹੋਵੇਗਾ।" ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੇ ਜਵਾਈ ਅਤੇ 42 ਸਾਲਾ ਬ੍ਰਿਟਿਸ਼ ਐੱਮ.ਪੀ. ਸੁਨਕ 10 ਡਾਊਨਿੰਗ ਸਟ੍ਰੀਟ ਵਿਚ ਲੰਬੇ ਸਮੇਂ ਤੋਂ ਜਾਨਸਨ ਦੇ ਸੰਭਾਵੀ ਉੱਤਰਾਧਿਕਾਰੀ ਵਜੋਂ ਦੇਖੇ ਜਾਂਦੇ ਰਹੇ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਕੰਜ਼ਰਵੇਟਿਵ ਪਾਰਟੀ ਦੇ ਇੱਕ ਵੱਡੇ ਹਿੱਸੇ ਦਾ ਸਮਰਥਨ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਪੱਤਰਕਾਰਾਂ ਨੂੰ ਕਿਹਾ ਸੀ, 'ਸਾਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਇਹ ਬ੍ਰਿਟਿਸ਼ ਭਾਰਤੀ ਕਹਾਣੀ ਦਾ ਅੰਤ ਨਹੀਂ ਹੈ। ਅਸੀਂ ਹੋਰ ਮੁਕਾਮ ਪ੍ਰਾਪਤ ਕਰ ਸਕਦੇ ਹਾਂ ਅਤੇ ਮੈਂ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।' ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਬ੍ਰਿਟੇਨ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ? ਜਿਸ ਦੇ ਜਵਾਬ ਵਿਚ ਉਨ੍ਹਾਂ ਨੇ ਇਹ ਕਿਹਾ ਸੀ।
ਇਹ ਵੀ ਪੜ੍ਹੋ: ਫੇਸਬੁੱਕ ਤੇ ਟਵਿਟਰ ਨੇ ਸ਼ਿੰਜੋ ਆਬੇ ’ਤੇ ਹਮਲੇ ਨਾਲ ਸਬੰਧਤ ਵੀਡੀਓਜ਼ ਨੂੰ ਹਟਾਇਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।