ਪਾਕਿਸਤਾਨੀ ਰੈਸਤਰਾਂ ਨੇ ਆਪਣੇ ਵਤੀਰੇ ਲਈ ਹਿੰਦੂ ਔਰਤਾਂ ਤੋਂ ਮੰਗੀ ਮੁਆਫੀ

08/21/2019 5:18:03 PM

ਇਸਲਾਮਾਬਾਦ— ਪਾਕਿਸਤਾਨ ਦੇ ਸਿੰਧ ਸੂਬੇ ਦੇ ਥੱਟਾ 'ਚ ਸਥਿਤ ਇਕ ਰੈਸਤਰਾਂ ਨੇ ਔਰਤਾਂ ਦੇ ਇਕ ਸਮੂਹ ਤੋਂ ਮੁਆਫੀ ਮੰਗੀ ਹੈ ਕਿਉਂਕਿ ਉਨ੍ਹਾਂ ਨੂੰ ਹਿੰਦੂ ਹੋਣ ਕਾਰਨ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਗਲਫ ਨਿਊਜ਼ ਦੇ ਮੁਤਾਬਕ ਇਹ ਘਟਨਾ ਸ਼ਨੀਵਾਰ ਦੀ ਹੈ ਜਦੋਂ ਪਾਕਿਸਤਾਨ ਪੀਪਲਸ ਪਾਰਟੀ ਦੀ ਘੱਟ ਗਿਣਤੀ ਸ਼ਾਖਾ ਦੀ ਮੈਂਬਰ ਲਰਕਾਨਾ ਜਾਣ ਦੇ ਰਸਤੇ 'ਚ ਸੀ ਤੇ ਰਾਸ਼ਟਰੀ ਮਾਰਗ ਦੇ ਕਿਨਾਰੇ ਸਥਿਤ ਅਲ ਹਬੀਬ ਨਾਂ ਦੇ ਰੈਸਤਰਾਂ 'ਚ ਰੁੱਕ ਗਈ।

ਰੈਸਤਰਾਂ ਪ੍ਰਬੰਧਨ ਨੂੰ ਜਦੋਂ ਪਤਾ ਲੱਗਿਆ ਕਿ ਇਹ ਮਹਿਲਾਵਾਂ ਹਿੰਦੂ ਹਨ ਤਾਂ ਉਨ੍ਹਾਂ ਨੂੰ ਭੋਜਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ ਗਿਆ। ਇਸ ਘਟਨਾ ਨੂੰ ਥੱਟਾ ਤੇ ਕਰਾਚੀ ਦੇ ਸਿੰਧੀ ਅਖਬਾਰਾਂ 'ਚ ਪ੍ਰਕਾਸ਼ਿਤ ਕੀਤਾ ਗਿਆ ਤੇ ਇਸ ਦੀ ਨਿੰਦਾ ਵੀ ਕੀਤੀ ਗਈ। ਰੈਸਤਰਾਂ ਪ੍ਰਬੰਧਨ ਦੀ ਇਸ ਹਰਕਤ ਦੇ ਖਿਲਾਫ ਇਕ ਮੁਹਿੰਮ ਵੀ ਸ਼ੁਰੂ ਕੀਤੀ ਗਈ।

ਇਸ ਘਟਨਾ ਦੇ ਖਿਲਾਫ ਲੋਕਾਂ ਦੀ ਪ੍ਰਤੀਕਿਰਿਆ ਇੰਨੀ ਜ਼ਿਆਦਾ ਸੀ ਕਿ ਹੋਟਲ ਪ੍ਰਬੰਧਕ ਮਨਸੂਰ ਕਲਵਾਕ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਰੈਸਤਰਾਂ 'ਚ ਸੱਦਾ ਦਿੱਤਾ ਤੇ ਉਨ੍ਹਾਂ ਨਾਲ ਬੈਠ ਕੇ ਭੋਜਨ ਵੀ ਕੀਤਾ। ਇਹ ਹੀ ਨਹੀਂ ਉਨ੍ਹਾਂ ਨੇ ਰਸਮੀ ਰੂਪ ਨਾਲ ਇਸ ਘਟਨਾ ਲਈ ਮੁਆਫੀ ਵੀ ਮੰਗੀ। ਕਲਵਾਰ ਨੇ ਔਰਤਾਂ ਨੂੰ ਸਥਾਨਕ ਰਸਮਾਂ ਦੇ ਮੁਤਾਬਕ ਸਨਮਾਨਿਤ ਕੀਤਾ ਤੇ ਸਨਮਾਨ ਦੇ ਰੂਪ 'ਚ ਉਨ੍ਹਾਂ ਨੂੰ ਸਿੰਧੀ ਸ਼ਾਲ ਵੀ ਭੇਂਟ ਕੀਤੇ। ਗਲਫ ਨਿਊਜ਼ ਨਾਲ ਮੰਗਲਵਾਰ ਨੂੰ ਗੱਲ ਕਰਦਿਆਂ ਇਕ ਮਨੁੱਖੀ ਅਧਿਕਾਰ ਵਰਕਰ ਕਪਿਲ ਨੇ ਇਸ ਦੀ ਪੁਸ਼ਟੀ ਕੀਤੀ ਕਿ ਮਾਮਲਾ ਸੁਲਝ ਗਿਆ ਹੈ ਕਿਉਂਕਿ ਰੈਸਤਰਾਂ ਪ੍ਰਬੰਧਨ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਵਤੀਰਾ ਗਲਤ ਸੀ।


Baljit Singh

Content Editor

Related News