ਨੇਪਾਲੀ ਸੰਸਦ ਮੈਂਬਰ ਨੂੰ 2015 ਦੇ ਕਤਲਕਾਂਡ ਮਾਮਲੇ ''ਚ ਉਮਰਕੈਦ
Wednesday, Mar 06, 2019 - 08:50 PM (IST)

ਕਾਠਮੰਡੂ— ਇਥੋਂ ਦੀ ਇਕ ਜ਼ਿਲਾ ਅਦਾਲਤ ਨੇ ਇਕ ਕਤਲਕਾਂਡ ਦੇ ਸਿਲਸਿਲੇ 'ਚ ਨੇਪਾਲ ਦੇ ਇਕ ਸੰਸਦ ਮੈਂਬਰ ਨੂੰ ਬੁੱਧਵਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ 2015 ਦਾ ਮਾਮਲਾ ਹੈ, ਜਿਸ 'ਚ 8 ਪੁਲਸ ਕਰਮਚਾਰੀਆਂ ਤੇ ਇਕ ਬੱਚੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਕ ਹਫਤਾ ਚੱਲੀ ਸੁਣਵਾਈ ਤੋਂ ਬਾਅਦ ਜੱਜ ਪਰਸ਼ੂਰਾਨ ਭੱਟਰਾਈ ਨੇ ਰਾਸ਼ਟਰੀ ਜਨਤਾ ਪਾਰਟੀ ਨੇਪਾਲ ਦੇ ਸੰਸਦ ਮੈਂਬਰ ਰੇਸ਼ਮ ਚੌਧਰੀ ਤੇ 10 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਕੈਲਾਲੀ ਜ਼ਿਲਾ ਅਦਾਲਤ ਨੇ ਟੀਕਾਪੁਰ ਕਤਲਕਾਂਡ 'ਚ ਸ਼ਮੂਲੀਅਤ ਨੂੰ ਲੈ ਕੇ ਹੋਰ 15 ਲੋਕਾਂ ਨੂੰ ਤਿੰਨ-ਤਿੰਨ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਤੇ ਤਿੰਨ ਲੋਕਾਂ ਨੂੰ ਬਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 24 ਅਗਸਤ 2015 ਨੂੰ ਇਕ ਅਧਿਕਾਰੀ ਸਣੇ 8 ਪੁਲਸ ਕਰਮਚਾਰੀਆਂ ਤੇ ਇਕ ਬੱਚੇ ਦੀ ਸੰਘਰਸ਼ 'ਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਸੰਘਰਸ਼ ਨੇਪਾਲ ਦਾ ਸੰਵਿਧਾਨ ਲਾਗੂ ਕਰਨ ਦੇ ਖਿਲਾਫ ਪ੍ਰਮੁੱਖ ਮਧੇਸੀ ਦਲਾਂ ਦੇ ਪ੍ਰਦਰਸ਼ਨ ਦੌਰਾਨ ਹੋਇਆ ਸੀ। ਟੀਕਾਪੁਰ ਘਟਨਾ ਤੋਂ ਬਾਅਦ ਤੋਂ ਫਰਾਰ ਚੌਧਰੀ ਹਾਲਾਂਕਿ ਆਰਜੇਪੀ-ਨੇਪਾਲ ਦੀ ਟਿਕਟ 'ਤੇ ਕੈਲਾਲੀ ਸੀਟ ਤੋਂ 2017 ਆਮ ਚੋਣਾਂ ਲੜੇ ਤੇ ਜਿੱਤੇ ਸਨ।