ਮਾਂ ਵੱਲੋਂ ਪੁੱਤ ਸਣੇ ਚੁੱਕੇ ਖ਼ੌਫ਼ਨਾਕ ਕਦਮ ਦੇ ਮਾਮਲੇ ''ਚ ਨਵੀਂ ਅਪਡੇਟ, ਸੱਸ ਤੇ ਸਹੁਰਾ ਗ੍ਰਿਫ਼ਤਾਰ
Saturday, Aug 02, 2025 - 06:24 PM (IST)

ਕਪੂਰਥਲਾ (ਭੂਸ਼ਣ/ਮਹਾਜਨ/ਮਲਹੋਤਰਾ)-ਥਾਣਾ ਸਦਰ ਅਧੀਨ ਪੈਂਦੇ ਪਿੰਡ ਕਾਲਾ ਸੰਘਿਆਂ ਇਲਾਕੇ ਵਿਚ ਇਕ ਔਰਤ ਅਤੇ ਉਸ ਦੇ 3 ਸਾਲਾ ਪੁੱਤਰ ਨੂੰ ਜ਼ਿੰਦਾ ਸਾੜਨ ਦੇ ਮਾਮਲੇ ਵਿਚ ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ-ਸਹੁਰੇ, ਭੂਆ-ਮਾਸੀ ਸੱਸ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਦਕਿ ਮਾਮਲੇ ’ਚ ਨਾਮਜ਼ਦ ਸੱਸ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਡੀ. ਐੱਸ. ਪੀ. (ਸਬ ਡਿਵੀਜ਼ਨ) ਦੀਪ ਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੇ ਪੇਕੇ ਪਰਿਵਾਰ ਵੱਲੋਂ ਸ਼ਿਕਾਇਤਕਰਤਾ ਅਮਰੀਕ ਸਿੰਘ ਵਾਸੀ ਬਾਦਸ਼ਾਹਪੁਰ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਸ ਦੀ 20 ਸਾਲਾ ਛੋਟੀ ਧੀ ਪ੍ਰੀਤੀ ਦਾ ਵਿਆਹ 2020 ਵਿਚ ਤਿਰਲੋਚਨ ਸਿੰਘ ਉਰਫ਼ ਸੋਨੀ ਪੁੱਤਰ ਵਿਜੇ ਕੁਮਾਰ ਵਾਸੀ ਆਲਮਗੀਰ ਜ਼ਿਲ੍ਹਾ ਕਪੂਰਥਲਾ ਨਾਲ ਹੋਇਆ ਸੀ। ਉਨ੍ਹਾਂ ਦਾ 3 ਸਾਲਾ ਪੁੱਤਰ ਪਲਵਿੰਦਰ ਸਿੰਘ ਸੀ।
ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਅਧਿਕਾਰੀਆਂ ਨੂੰ ਕਰ 'ਤੇ ਸਖ਼ਤ ਹੁਕਮ ਜਾਰੀ
ਉਨ੍ਹਾਂ ਦੱਸਿਆ ਕਿ ਲਗਭਗ ਡੇਢ ਸਾਲ ਪਹਿਲਾਂ ਉਨ੍ਹਾਂ ਦਾ ਜਵਾਈ ਸੋਨੀ ਵਿਦੇਸ਼ ਦੁਬਈ ਗਿਆ ਸੀ। ਪ੍ਰੀਤੀ ਨੇ ਫ਼ੋਨ ’ਤੇ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਹੈ। ਇਸ ’ਤੇ ਉਹ ਆਪਣੇ ਵੱਡੇ ਜਵਾਈ ਜਸਵਿੰਦਰ ਸਿੰਘ ਵਾਸੀ ਨਕੋਦਰ ਅਤੇ ਵੱਡੀ ਧੀ ਪ੍ਰਭਦੀਪ ਕੌਰ ਨਾਲ ਕਪੂਰਥਲਾ ਸਥਿਤ ਪ੍ਰੀਤੀ ਦੇ ਸਹੁਰੇ ਘਰ ਪਹੁੰਚੇ ਪਰ ਉਨ੍ਹਾਂ ਨੂੰ ਆਪਣੀ ਧੀ ਪ੍ਰੀਤੀ ਕਿਤੇ ਨਹੀਂ ਮਿਲੀ।
ਜਦੋਂ ਉਨ੍ਹਾਂ ਨੇ ਘਰ ਵਿਚ ਮੌਜੂਦ ਉਸ ਦੇ ਸਹੁਰੇ ਵਿਜੇ ਕੁਮਾਰ ਅਤੇ ਸੱਸ ਕੁਲਵਿੰਦਰ ਕੌਰ ਨੂੰ ਪ੍ਰੀਤੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ। ਫਿਰ ਉਨ੍ਹਾਂ ਨੇ ਪ੍ਰੀਤੀ ਦੇ ਮੋਬਾਇਲ ’ਤੇ ਫ਼ੋਨ ਕੀਤਾ ਅਤੇ ਛੱਤ ਤੋਂ ਮੋਬਾਇਲ ਦੀ ਘੰਟੀ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਇਸ ’ਤੇ ਵੱਡੀ ਧੀ ਪ੍ਰਭਦੀਪ ਛੱਤ ’ਤੇ ਗਈ ਅਤੇ ਵੇਖਿਆ ਕਿ ਕਮਰੇ ਵਿਚੋਂ ਬੱਚੇ ਦੇ ਲੰਬੇ-ਲੰਬੇ ਸਾਹ ਲੈਣ ਦੀ ਆਵਾਜ਼ ਆ ਰਹੀ ਸੀ ਅਤੇ ਪ੍ਰੀਤੀ ਸੜੀ ਹੋਈ ਹਾਲਤ ਵਿਚ ਨੇੜੇ ਪਈ ਸੀ। ਦੋਵੇਂ ਬੁਰੀ ਤਰ੍ਹਾਂ ਸੜੇ ਹੋਏ ਸਨ। ਇਹ ਵੇਖ ਕੇ ਉਸ ਦੀ ਧੀ ਪ੍ਰਭਦੀਪ ਕੌਰ ਨੇ ਉੱਚੀ-ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਬੱਚੇ ਅਤੇ ਪ੍ਰੀਤੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਪਟਿਆਲਾ 'ਚ ਰੂਹ ਕੰਬਾਊ ਘਟਨਾ! ਔਰਤ ਦਾ ਬੇਰਹਿਮੀ ਨਾਲ ਕਤਲ
ਅਮਰੀਕ ਸਿੰਘ ਨੇ ਕਿਹਾ ਕਿ ਦੋਵਾਂ ਦੀ ਮੌਤ ਲਈ ਉਸ ਦਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ। ਇਸ ’ਤੇ ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਦੇ ਪਤੀ ਸੋਨੀ ਜੋ ਦੁਬਈ ਵਿਚ ਰਹਿ ਰਿਹਾ ਹੈ, ਸਹੁਰਾ ਵਿਜੇ ਕੁਮਾਰ, ਸੱਸ ਕੁਲਵਿੰਦਰ ਕੌਰ, ਮਾਸੀ ਸੱਸ ਬਬਲੀ ਵਾਸੀ ਕਾਲਾ ਸੰਘਿਆਂ ਅਤੇ ਭੂਆ ਸੱਸ ਅਨੀਤਾ ਵਾਸੀ ਪਿੰਡ ਆਦੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਡੀ. ਐੱਸ. ਪੀ. (ਸਬ ਡਿਵੀਜ਼ਨ) ਦੀਪ ਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਹੁਰੇ ਵਿਜੇ ਕੁਮਾਰ ਅਤੇ ਸੱਸ ਕੁਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ: Punjab: ਆਨਲਾਈਨ ਮੰਗਵਾਇਆ ਸੀ ਕੈਮਰਾ, ਘਰ ਪਹੁੰਚੇ ਆਰਡਰ ਨੂੰ ਜਦ ਖੋਲ੍ਹਿਆ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e