ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਹਟਾਉਣਾ, ਬਣ ਸਕਦੈ ਵੱਡਾ ਖਤਰਾ

Friday, Dec 21, 2018 - 05:28 PM (IST)

ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਹਟਾਉਣਾ, ਬਣ ਸਕਦੈ ਵੱਡਾ ਖਤਰਾ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ਅਤੇ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਕਾਹਲੀ ਵਿਚ ਹਟਾਉਣ ਦੀ ਕਾਰਵਾਈ ਅਮਰੀਕਾ ਦੇ ਪੈਂਟਾਗਨ 'ਤੇ ਹੋਏ 9/11 ਦੇ ਹਮਲੇ ਦਾ ਰਸਤਾ ਤਿਆਰ ਕਰੇਗੀ। ਇਸ ਤੋਂ ਪਹਿਲਾਂ ਟਰੰਪ ਸੀਰੀਆ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕਰ ਚੁੱਕੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਅਫਗਾਨਿਸਤਾਨ ਤੋਂ ਵੱਡੀ ਗਿਣਤੀ ਵਿਚ ਅਮਰੀਕੀ ਫੌਜੀਆਂ ਨੂੰ ਵਾਪਸ ਅਮਰੀਕਾ ਬੁਲਾਉਣ ਦਾ ਫੈਸਲਾ ਲਿਆ ਹੈ। ਇਹ ਐਲਾਨ ਸੀਰੀਆ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਏ ਜਾਣ ਦੇ ਐਲਾਨ ਤੋਂ ਇਕ ਦਿਨ ਬਾਅਦ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿਚ ਅਫਗਾਨਿਸਤਾਨ ਵਿਚ ਅਮਰੀਕਾ ਦੇ ਤਕਰੀਬਨ 15000 ਫੌਜੀ ਹਨ ਜੋ ਜਾਂ ਤਾਂ ਅਫਗਾਨਿਸਤਾਨ ਦੇ ਸੁਰੱਖਿਆ ਦਸਤਿਆਂ ਦੀ ਮਦਦ ਲਈ ਨਾਟੋ ਮਿਸ਼ਨ ਤਹਿਤ ਜਾਂ ਹੋਰ ਖਤਰਨਾਕ ਵਿਰੋਧੀ ਮੁਹਿੰਮਾਂ ਵਿਚ ਤਾਇਨਾਤ ਹਨ।

ਟਰੰਪ ਇਸ ਜੰਗ ਗ੍ਰਸਤ ਦੇਸ਼ ਤੋਂ ਤਕਰੀਬਨ 3000 ਫੌਜੀਆਂ ਨੂੰ ਵਾਪਸ ਬੁਲਾਉਣ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ, ਅਮਰੀਕੀ ਸੈਨੇਟਰਾਂ ਨੇ ਕਿਹਾ ਕਿ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਰਣਨੀਤੀ ਬਹੁਤ ਜ਼ੋਖਿਮ ਭਰੀ ਹੋਵੇਗੀ। ਸੈਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਇਸ ਸਮੇਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਰਣਨੀਤੀ ਬੇਹਦ ਜੋਖਮਭਰੀ ਹੋਵੇਗੀ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਹੁਣ ਤੱਕ ਜੋ ਹਾਸਲ ਕੀਤਾ ਹੈ, ਉਸ ਨੂੰ ਗੁਆਉਣ ਦੀ ਦਿਸ਼ਾ ਵਿਚ ਵਧਾਂਗੇ ਅਤੇ 9/11 ਹਮਲੇ ਦਾ ਰਸਤਾ ਤਿਆਰ ਕਰਾਂਗੇ। ਸਾਊਥ ਕੈਰੋਲੀਨਾ ਦੇ ਰੀਪਬਲੀਕਨ ਸੈਨੇਟਰ ਹਾਲ ਹੀ ਵਿਚ ਅਫਗਾਨਿਸਤਾਨ ਤੋਂ ਪਰਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਦੀ ਆਈ.ਐਸ.ਆਈ.ਐਸ. ਸਬੰਧੀ ਯੂਨਿਟ ਇਸਲਾਮਿਕ ਸਟੇਟ ਆਫ ਇਰਾਕ ਐਂਡ ਦਿ ਸ਼ਾਮ-ਖੁਰਾਸਾਨ (ਆਈ.ਐਸ.ਆਈ.ਐਸ.-ਕੇ) ਅਮਰੀਕਾ ਲਈ ਸਿੱਧੇ ਤੌਰ 'ਤੇ ਖਤਰਾ ਹੈ ਅਤੇ ਅਫਗਾਨਿਸਤਾਨ ਵਿਚ ਅਮਰੀਕੀ ਫੌਜੀਆਂ ਦੀ ਗਿਣਤੀ ਘੱਟ ਹੋਣ ਤੋਂ ਇਨ੍ਹਾਂ ਨੂੰ ਫਾਇਦਾ ਪਹੁੰਚੇਗਾ। ਮੀਡੀਆ ਦੀਆਂ ਖਬਰਾਂ ਮੁਤਾਬਕ ਅਮਰੀਕੀ ਫੌਜੀਆਂ ਨੂੰ ਅਗਲੇ ਕੁਝ ਹਫਤੇ ਵਿਚ ਅਫਗਾਨਿਸਤਾਨ ਤੋਂ ਵਾਪਸ ਬੁਲਾਇਆ ਜਾਵੇਗਾ।


author

Sunny Mehra

Content Editor

Related News