ਕੈਨੇਡਾ ਦੇ 'ਸਿੱਖ ਮੋਟਰਸਾਈਕਲ ਕਲੱਬ' ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਵੇਂ ਦਾ ਪ੍ਰਾਜੈਕਟ (ਤਸਵੀਰਾਂ)
Tuesday, Jan 04, 2022 - 05:37 PM (IST)
ਟੋਰਾਂਟੋ (ਮਨਿੰਦਰ ਸਿੰਘ): 'ਸਿੱਖ ਮੋਟਰਸਾਈਕਲ ਕਲੱਬ' ਕੈਨੇਡਾ ਦਾ ਨਾਂ ਸੁਣਦੇ ਸਾਰ ਆਪ ਮੁਹਾਰੇ ਹੀ ਅੱਖਾਂ ਮੂਹਰੇ ਸੋਹਣੀਆਂ ਦਸਤਾਰਾਂ ਸਜਾਈ ਲੋਹ ਘੋੜਿਆਂ 'ਤੇ ਸਵਾਰ ਗੱਭਰੂਆਂ ਦੇ ਕਾਫ਼ਲੇ ਦਾ ਅਕਸ ਉਕਰਿਆ ਜਾਂਦਾ ਹੈ। ਦੁਨੀਆ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਇਸ ਸੰਸਥਾ ਪਿੱਛੇ ਇਹਨਾਂ ਦਾ 20 ਸਾਲਾਂ ਦਾ ਗੌਰਮਈ ਇਤਿਹਾਸ ਖੜ੍ਹਾ ਹੈ। ਗੱਲ ਨਗਰ ਕੀਰਤਨਾਂ ਵਿੱਚ ਦਸਤਾਰਾਂ ਦੀ ਸੇਵਾ ਤੋਂ ਸ਼ੁਰੂ ਹੋ ਕੇ ਕੈਨਡਾ ਭਰ ਵਿੱਚ ਕੈਂਸਰ ਸੁਸਾਇਟੀ ਲਈ ਅਤੇ ਫਿਰ ਖਾਲਸਾ ਏਡ ਵਰਗੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਸੰਸਥਾ ਨਾਲ ਮਿਲ ਕੇ ਵਰਲਡ ਟੂਰ ਕਰਨ ਤੱਕ ਜਾ ਪਹੁੰਚੀ। ਇਹਨਾਂ ਕਾਰਜਾਂ ਨਾਲ ਜਿੱਥੇ ਸਿੱਖ ਕੌਮ ਦੇ ਹੋਰਨਾਂ ਭਾਈਚਾਰਿਆਂ ਨਾਲ ਨਿੱਘੇ ਸੰਬੰਧ ਬਣੇ ਉੱਥੇ ਸਿੱਖ ਮੋਟਰਸਾਈਕਲ ਕਲੱਬ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਹੋਰ ਵੀ ਪ੍ਰਪੱਕ ਹੋ ਗਿਆ।
ਬੀਤੇ ਵਰ੍ਹੇ ਕੋਵਿਡ ਦੇ ਨਾਲ-ਨਾਲ ਬੀ.ਸੀ. ਵਿੱਚ ਅੱਗਾਂ ਅਤੇ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਵੀ ਆਈਆਂ, ਜਿਹਨਾਂ ਨਾਲ ਬਹੁਤ ਸਾਰੇ ਪਰਿਵਾਰ ਪ੍ਰਭਾਵਿਤ ਹੋਏ। ਪਿਛਲੇ ਸਾਲ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਬੀ.ਸੀ. ਭਰ ਵਿੱਚ 'ਮਾਸਕ' ਵੰਡਣ ਦੀ ਮੁਹਿੰਮ ਚਲਾਈ ਗਈ ਅਤੇ ਅੱਗਾਂ ਨਾਲ ਪੀੜਤ ਪਰਿਵਾਰਾਂ ਨੂੰ ਰਾਹਤ ਸਮਗਰੀ ਪਹੁੰਚਾਈ ਗਈ। ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਲਈ ਜਿੱਥੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ, ਉੱਥੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਵੇਂ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡੀਅਨ ਅਦਾਲਤ ਦਾ ਫ਼ੈਸਲਾ, ਈਰਾਨ ਜਹਾਜ਼ ਗੋਲੀਬਾਰੀ ਦੇ ਪੀੜਤ ਪਰਿਵਾਰਾਂ ਨੂੰ ਕਰੇ ਭੁਗਤਾਨ
ਕਲੱਬ ਦੇ ਮੈਂਬਰਾਂ ਵਲੋਂ ਦਸੰਬਰ ਦੇ ਸ਼ੁਰੂ ਤੋਂ ਲੈ ਕੇ ਹਰ ਵੀਕਐਂਡ ਤੇ ਆਪਣੀਆਂ ਐਕਸਕਾਵੇਟਰ ਮਸ਼ੀਨਾਂ ਅਤੇ ਡੰਪ ਟਰੱਕਾਂ ਦੀਆਂ ਸੇਵਾਵਾਂ ਨਾਲ ਪ੍ਰੋਪਰਟੀਜ਼ ਨੂੰ ਕਲੀਨ ਕੀਤਾ ਜਾ ਰਿਹਾ ਹੈ ਅਤੇ ਬੰਦ ਪਈਆਂ ਸੜਕਾਂ ਅਤੇ ਡ੍ਰਾਈਵ ਵੇਅ ਨੂੰ ਦੁਬਾਰਾ ਚਾਲੂ ਕੀਤਾ ਜਾ ਰਿਹਾ ਹੈ ਤਾਂ ਜੋ ਪਰਿਵਾਰ ਵਾਪਸ ਆਪਣਿਆਂ ਘਰਾਂ ਨੂੰ ਪਰਤ ਸਕਣ। ਹੁਣ ਤੱਕ ਕਲੱਬ ਵੱਲੋਂ Yarrow, Columbia Valley, Harrison Hot Springs ਅਤੇ Princeton ਵਿੱਚ ਪਰਿਵਾਰਾਂ ਦੀ ਮਦਦ ਕੀਤੀ ਜਾ ਚੁੱਕੀ ਹੈ।
ਸਿੱਖ ਮੋਟਰਸਾਈਕਲ ਕਲੱਬ ਇਹ ਸੇਵਾਵਾਂ ਆਪਣੀਆਂ ਸਹਿਯੋਗੀ ਸੰਸਥਾਵਾਂ ਸਿੱਖ ਮੋਟਰਸਾਈਕਲ ਕਲੱਬ ਓਂਟਾਰੀਓ ਅਤੇ ਗੁਰਦਵਾਰਾ ਸਾਹਿਬ ਸੁੱਖ ਸਾਗਰ ਨਿਊ ਵੇਸਟਮਿਨਸਟਰ ਦੇ ਸਹਿਯੋਗ ਨਾਲ ਮੁਫ਼ਤ ਵਿੱਚ ਪ੍ਰਦਾਨ ਕਰ ਰਿਹਾ ਹੈ। ਜੇਕਰ ਤੁਸੀਂ ਵੀ ਅਜਿਹੇ ਕਿਸੇ ਪਰਿਵਾਰ ਨੂੰ ਜਾਣਦੇ ਹੋ ਜਿਸ ਨੂੰ ਇਹਨਾਂ ਸੇਵਾਵਾਂ ਦੀ ਜ਼ਰੂਰਤ ਹੋਵੇ ਤਾਂ ਸਿੱਖ ਮੋਟਰਸਾਈਕਲ ਕਲੱਬ ਦੇ ਫ਼ੋਨ 778-688-7454 ਤੇ ਸੰਪਰਕ ਕਰ ਸਕਦੇ ਹੋ।ਇਸ ਕਲੱਬ ਬਾਰੇ ਵਧੇਰੇ ਜਾਣਕਾਰੀ ਲਈ (www.SikhMotorcycleClub.com) 'ਤੇ ਜਾ ਸਕਦੇ ਹੋ।