NZ : ਮਾਓਰੀ ਮੈਂਬਰ ਨੂੰ ਟਾਈ ਨਾ ਪਾਉਣ ''ਤੇ ਸੰਸਦ ''ਚੋਂ ਕੱਢਿਆ ਬਾਹਰ, ਰਾਜਨ ਜ਼ੈਡ ਨੇ ਕੀਤੀ ਨਿੰਦਾ

02/10/2021 6:22:26 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਸੰਸਦ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਾਂਸਦ ਨੂੰ ਟਾਈ ਨਾ ਪਾਉਣ 'ਤੇ ਫਟਕਾਰ ਲਗਾਈ ਗਈ ਹੈ। ਅਸਲ ਵਿਚ ਆਦਿਵਾਸੀ ਸਾਂਸਦ ਰਾਵਿਰੀ ਵੈਤੀਤੀ ਨੇ ਸੰਸਦ ਵਿਚ ਟਾਈ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਮਗਰੋਂ ਉਹਨਾਂ ਨੂੰ ਸੰਸਦ ਵਿਚੋਂ ਬਾਹਰ ਕੱਢ ਦਿੱਤਾ ਗਿਆ। ਸਾਂਸਦ ਨੇ ਕਿਹਾ ਕਿ ਟਾਈ ਪਾਉਣ ਦਾ ਨਿਯਮ ਆਧੁਨਿਕ ਸਮੇਂ ਵਿਚ ਠੀਕ ਨਹੀਂ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਇਸੇ ਸਦਨ ਵਿਚ ਮੈਕਸੀਕੋ ਮੂਲ ਦੇ ਸਾਂਸਦ ਵੀ ਹਨ, ਜੋ ਆਪਣੀ ਰਵਾਇਤੀ ਟਾਈ ਪਾਉਂਦੇ ਹਨ ਪਰ ਉਹਨਾਂ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਨੇ ਸਵਾਲ ਪੁੱਛਦਿਆਂ ਕਿਹਾ ਕਿ ਸਾਨੂੰ ਆਦਿਵਾਸੀਆਂ ਨੂੰ ਕਿਉਂ ਰੋਕਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਟਾਈ ਸਾਡੇ ਲਈ ਗੁਲਾਮੀ ਦਾ ਪ੍ਰਤੀਕ ਹੈ ਅਤੇ ਅਸੀਂ ਇਸ ਨੂੰ ਨਹੀਂ ਪਾਵਾਂਗੇ, ਜਿਸ ਮਗਰੋਂ ਇਸ ਮੁੱਦੇ 'ਤੇ ਨਿਊਜ਼ੀਲੈਂਡ ਵਿਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਸਪੀਕਰ ਦੇ ਫ਼ੈਸਲੇ ਦੀ ਆਲੋਚਨਾ
ਸਪੀਕਰ ਟ੍ਰੇਵਰ ਮਲਾਰਡ ਨੇ ਆਦਿਵਾਸੀ ਸਾਂਸਦ ਰਾਵਿਰੀ ਵੈਤੀਤੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਨੇ ਸਰਕਾਰ ਤੋਂ ਸਵਾਲ ਪੁੱਛਣੇ ਹਨ ਤਾਂ ਉਹਨਾਂ ਨੂੰ ਟਾਈ ਪਾਉਣੀ ਹੋਵੇਗੀ ਪਰ ਜਿਵੇਂ ਹੀ ਸਾਂਸਦ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਹਨਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਮਗਰੋਂ ਸਪੀਕਰ ਦੇ ਇਸ ਫ਼ੈਸਲੇ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਸਪੀਕਰ ਨੇ ਰਾਵਿਰੀ ਨੂੰ ਕਿਹਾ ਸੀ ਕਿ ਜੇਕਰ ਉਹ ਸਰਕਾਰ ਦੇ ਕਿਸੇ ਮੰਤਰੀ ਤੋਂ ਸਵਾਲ ਪੁੱਛਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਨਿਯਮਾਂ ਮੁਤਾਬਕ ਟਾਈ ਪਾਉਣੀ ਹੋਵੇਗੀ। 

ਰਾਵਿਰੀ ਮਾਓਰੀ ਆਦਿਵਾਸੀ ਕਬੀਲੇ ਨਾਲ ਸੰਬੰਧ ਰੱਖਦੇ ਹਨ ਅਤੇ ਮਾਓਰੀ ਪਾਰਟੀ ਦੇ ਮੈਂਬਰ ਹਨ। ਇਸ ਵਾਰ ਉਹ ਸਦਨ ਵਿਚ ਟਾਈ ਦੀ ਬਜਾਏ ਕਬੀਲੇ ਨਾਲ ਜੁੜਿਆ ਇਕ ਲਾਕੇਟ ਪਾ ਕੇ ਪਹੁੰਚੇ ਸਨ। ਇਸ ਮਗਰੋਂ ਸਪੀਕਰ ਨੇ ਉਹਨਾਂ ਨੂੰ ਆਪਣੇ ਚੈਂਬਰ ਵਿਚ ਵੀ ਬੁਲਾ ਕੇ ਸਮਝਾਇਆ ਕਿ ਟਾਈ ਪਾਉਣੀ ਜ਼ਰੂਰੀ ਹੈ ਪਰ ਉਹਨਾਂ ਨੇ ਸਾਫ ਇਨਕਾਰ ਕਰਦਿਆਂ ਇਸ ਨੂੰ ਗੁਲਾਮੀ ਦਾ ਪ੍ਰਤੀਕ ਦੱਸਿਆ।

PunjabKesari

ਰਾਜਨ ਜ਼ੈਡ ਨੇ ਫੈ਼ਸਲੇ ਦੀ ਕੀਤੀ ਨਿੰਦਾ
ਮਾਓਰੀ ਕਬੀਲੇ ਨਾਲ ਸਬੰਧਤ ਰਾਵੀਰੀ ਵੈਤੀਤੀ ਨੂੰ ‘ਟਾਈ ਨਾ ਪਹਿਨਣ’ 'ਤੇ ਲਗਾਈ ਗਈ ਫਟਕਾਰ ਅਤੇ ਉਹਨਾਂ ਨੂੰ ਸੰਸਦ ਵਿਚੋਂ ਬਾਹਰ ਕੱਢਣ 'ਤੇ ਹਿੰਦੂ ਨੇਤਾ ਰਾਜਨ ਜ਼ੈਡ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਜ਼ੈਡ ਨੇ ਕਿਹਾ ਕਿ ਯੂਰਪ ਦਾ ਡਰੈਸ ਕੋਡ ਨਿਊਜ਼ੀਲੈਂਡ ਦੇ ਮੂਲ ਨਿਵਾਸੀਆਂ 'ਤੇ ਜ਼ਬਰਦਸਤੀ ਥੋਪਿਆ ਗਿਆ ਹੈ। ਉਨ੍ਹਾਂ ਨੇ ਇੱਕ ਤਾਂ ਇੱਥੇ ਦੇ ਮੂਲ ਨਿਵਾਸੀਆਂ 'ਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ ਅਤੇ ਫਿਰ ਉਨ੍ਹਾਂ ਨੂੰ ਕੱਪੜੇ ਵੀ ਉਨ੍ਹਾਂ ਦੀ ਸਹੂਲਤ ਦੇ ਮੁਤਾਬਕ ਨਹੀਂ ਪਹਿਨਣ ਦਿੰਦੇ। ਇਹ ਸਮੁੱਚੇ ਤੌਰ 'ਤੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਦਾ ਕਾਰਨ ਬਣਦਾ ਹੈ ਅਤੇ ਅਸੀਂ ਇਸ ਦੀ ਨਿਖੇਧੀ ਕਰਦੇ ਵੀ ਹਾਂ। 

ਰਾਜਨ ਜੈਡ ਨੇ ਨਿਊਜ਼ੀਲੈਂਡ ਦੇ ਗਵਰਨਰ ਜਨਰਲ ਪੈਟਸੀ ਰੈਡੀ, ਪਾਰਲੀਮਾਨੀ ਸਪੀਕਰ ਟ੍ਰੈਵਰ ਮਾਲਾਰਡ, ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਵਧੀਕ ਪ੍ਰਧਾਨ ਮੰਤਰੀ ਗ੍ਰਾਂਟ ਰਾਬਰਟਸਨ, ਹਾਊਸ ਦੇ ਲੀਡਰ ਕ੍ਰਿਸ ਹਿਪਕਿਨਜ਼ ਆਦਿ ਕੋਲੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਅਜਿਹੀ ਗਲਤੀ ਲਈ ਆਪਣੀ ਜ਼ਿੰਮੇਵਾਰੀ ਲੈਣ ਅਤੇ ਜਨਤਕ ਤੌਰ 'ਤੇ ਮੁਆਫੀ ਵੀ ਮੰਗਣ। ਨਾਲ ਹੀ ਇਹ ਵੀ ਸਪਸ਼ਟ ਤੌਰ 'ਤੇ ਕਹਿਣ ਕਿ ਅਜਿਹੀ ਗਲਤੀ ਦੁਬਾਰਾ ਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਊਜ਼ੀਲੈਂਡ ਦੀ ਪਾਰਲੀਮੈਂਟ ਸਿਰਫ ਇੱਕ ਕੱਪੜੇ ਦੇ ਟੁਕੜੇ ਲਈ ਚੁਣੇ ਗਏ ਮੈਂਬਰ ਦੀ ਬੇਇਜ਼ਤੀ ਕਰ ਦਿੰਦੀ ਹੈ ਤਾਂ ਇਹ ਠੀਕ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਪਹਿਲੀ ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਇੱਥੇ ਦੱਸ ਦਈਏ ਕਿ ਪਿਛਲੇ ਸਾਲ ਜਦੋਂ ਨਿਊਜ਼ੀਲੈਂਡ ਵਿਚ ਟਾਈ ਦਾ ਮੁੱਦਾ ਪਹਿਲੀ ਵਾਰ ਉਠਿਆ ਸੀ ਉਦੋਂ ਸਪੀਕਰ ਨੇ ਸਾਰੇ ਸਾਂਸਦਾਂ ਨੂੰ ਕਿਹਾ ਸੀ ਕਿ ਸਾਰੇ ਇਸ ਬਾਰੇ ਵਿਚ ਆਪਣੇ ਸੁਝਾਅ ਲਿਖਤੀ ਵਿਚ ਦੇਣ। ਜਵਾਬ ਵਿਚ ਜ਼ਿਆਦਾਤਰ ਸਾਂਸਦਾਂ ਨੇ ਕਿਹਾ ਸੀ ਕਿ ਟਾਈ ਪਾਉਣ ਦਾ ਨਿਯਮ ਬਿਲਕੁੱਲ ਸਹੀ ਹੈ। ਇਸ ਮਗਰੋਂ ਇਹ ਨਿਯਮ ਲਾਗੂ ਕਰ ਦਿੱਤਾ ਗਿਆ।

ਨੋਟ- ਨਿਊਜ਼ੀਲੈਂਡ ਸੰਸਦ ਵਿਚ ਮਾਓਰੀ ਕਬੀਲੇ ਦੇ ਮੈਂਬਰ ਨਾਲ ਕੀਤੇ ਵਤੀਰੇ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News