ਅਮਰੀਕਾ ਨੇ ਬਦਲਿਆ ਜੰਗ ਦਾ ਪੈਂਤੜਾ ! ਪੁਲਾਂ-ਪਲਾਂਟਾਂ ਮਗਰੋਂ ਹੁਣ ਆਮ ਨਾਗਰਿਕਾਂ ਨੂੰ ਬਣਾਉਣ ਲੱਗਾ ਨਿਸ਼ਾਨਾ

Saturday, Jul 18, 2026 - 04:23 PM (IST)

ਅਮਰੀਕਾ ਨੇ ਬਦਲਿਆ ਜੰਗ ਦਾ ਪੈਂਤੜਾ ! ਪੁਲਾਂ-ਪਲਾਂਟਾਂ ਮਗਰੋਂ ਹੁਣ ਆਮ ਨਾਗਰਿਕਾਂ ਨੂੰ ਬਣਾਉਣ ਲੱਗਾ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਗੰਭੀਰ ਅਤੇ ਖ਼ਤਰਨਾਕ ਦੌਰ ਵਿਚ ਪਹੁੰਚਦੀ ਦਿਖਾਈ ਦੇ ਰਹੀ ਹੈ। ਇਰਾਨ ਨੇ ਦੋਸ਼ ਲਾਇਆ ਹੈ ਕਿ ਅਮਰੀਕੀ ਫੌਜ ਹੁਣ ਸਿਰਫ਼ ਫੌਜੀ ਟਿਕਾਣਿਆਂ ਤੱਕ ਸੀਮਤ ਨਹੀਂ ਹੈ, ਸਗੋਂ ਦੱਖਣੀ ਇਰਾਨ ਵਿਚ ਰੇਲਵੇ ਸਟੇਸ਼ਨ, ਪੁਲ, ਜਲ ਸਪਲਾਈ ਕੇਂਦਰ, ਅਨਾਜ ਭੰਡਾਰਨ ਸਥਾਨ, ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ ਵਰਗੇ ਨਾਗਰਿਕ ਢਾਂਚੇ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਇਨ੍ਹਾਂ ਦੋਸ਼ਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਜੰਗ ਦੇ ਮਨੁੱਖੀ ਪ੍ਰਭਾਵਾਂ ’ਤੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।

ਬੰਦਰ ਅੱਬਾਸ ਬਣਿਆ ਸਭ ਤੋਂ ਵੱਡਾ ਨਿਸ਼ਾਨਾ
ਇਰਾਨ ਅਨੁਸਾਰ ਰਣਨੀਤਕ ਪੱਖੋਂ ਬੇਹੱਦ ਮਹੱਤਵਪੂਰਨ ਬੰਦਰ ਅੱਬਾਸ ਸ਼ਹਿਰ ’ਤੇ ਸਭ ਤੋਂ ਵੱਧ ਹਮਲੇ ਹੋਏ ਹਨ। ਇਹ ਸ਼ਹਿਰ ਸਟ੍ਰੇਟ ਆਫ਼ ਹੋਰਮੁਜ਼ ਨੇੜੇ ਸਥਿਤ ਹੈ ਅਤੇ ਇਰਾਨ ਦੀ ਸਮੁੰਦਰੀ ਫੌਜ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈ.ਆਰ.ਜੀ.ਸੀ.) ਦਾ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਹੈ। ਹਮਲਿਆਂ ਵਿਚ ਕਈ ਪੁਲ, ਸੰਚਾਰ ਟਾਵਰ ਅਤੇ ਰੇਲਵੇ ਸਹੂਲਤਾਂ ਨੂੰ ਨੁਕਸਾਨ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਕੁਝ ਰਿਹਾਇਸ਼ੀ ਇਲਾਕਿਆਂ ਵਿਚ ਵੀ ਨੁਕਸਾਨ ਹੋਇਆ ਹੈ, ਜਿਸ ਨਾਲ ਆਮ ਨਾਗਰਿਕਾਂ ਵਿਚ ਦਹਿਸ਼ਤ ਫੈਲ ਗਈ।

ਹਸਪਤਾਲ ਅਤੇ ਹਵਾਈ ਅੱਡੇ ਵੀ ਪ੍ਰਭਾਵਿਤ
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਰਾਨ ਦੇ ਅਹਵਾਜ਼ ਦੇ ਇਕ ਵਿਸ਼ੇਸ਼ ਹਸਪਤਾਲ ਨੂੰ ਖਾਲੀ ਕਰਵਾਉਣਾ ਪਿਆ ਕਿਉਂਕਿ ਆਲੇ-ਦੁਆਲੇ ਹੋਏ ਹਮਲਿਆਂ ਕਾਰਨ ਹਸਪਤਾਲ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਗਈਆਂ। ਇਸ ਤੋਂ ਇਲਾਵਾ ਦੱਖਣ-ਪੂਰਬੀ ਇਰਾਨ ਦੇ ਹਵਾਈ ਅੱਡੇ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਵੀ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਹਨ। ਇਰਾਨ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਨਾਲ ਫੌਜ ਦੀ ਬਜਾਏ ਆਮ ਨਾਗਰਿਕਾਂ ਦਾ ਜੀਵਨ ਵੱਧ ਪ੍ਰਭਾਵਿਤ ਹੋ ਰਿਹਾ ਹੈ।

ਸਟ੍ਰੇਟ ਆਫ਼ ਹੋਰਮੁਜ਼ ਬਣਿਆ ਟਕਰਾਅ ਦਾ ਕੇਂਦਰ
ਸੰਘਰਸ਼ ਦਾ ਸਭ ਤੋਂ ਵੱਡਾ ਕਾਰਨ ਸਟ੍ਰੇਟ ਆਫ਼ ਹੋਰਮੁਜ਼ ਵੀ ਮੰਨਿਆ ਜਾ ਰਿਹਾ ਹੈ। ਦੁਨੀਆ ਦੇ ਵੱਡੇ ਹਿੱਸੇ ਦਾ ਕੱਚਾ ਤੇਲ ਇਸੇ ਸਮੁੰਦਰੀ ਰਸਤੇ ਰਾਹੀਂ ਲੰਘਦਾ ਹੈ। ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਸ ’ਤੇ ਦਬਾਅ ਵਧਾਇਆ ਗਿਆ ਤਾਂ ਉਹ ਇਸ ਰਣਨੀਤਕ ਰਸਤੇ ’ਤੇ ਸਮੁੰਦਰੀ ਆਵਾਜਾਈ ਨੂੰ ਰੋਕ ਸਕਦਾ ਹੈ। ਦੂਜੇ ਪਾਸੇ ਅਮਰੀਕਾ ਦਾ ਕਹਿਣਾ ਹੈ ਕਿ ਉਸ ਦੀ ਕਾਰਵਾਈ ਦਾ ਮਕਸਦ ਸਮੁੰਦਰੀ ਵਪਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਇਰਾਨ ਦੀਆਂ ਫੌਜੀ ਸਮਰੱਥਾਵਾਂ ਨੂੰ ਕਮਜ਼ੋਰ ਕਰਨਾ ਹੈ।

ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼

ਅੰਤਰਰਾਸ਼ਟਰੀ ਕਾਨੂੰਨ ’ਤੇ ਬਹਿਸ
ਇਰਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕੀ ਹਮਲਿਆਂ ਨੂੰ ਵਾਰ ਕ੍ਰਾਈਮ ਦੱਸਦਿਆਂ ਸੰਯੁਕਤ ਰਾਸ਼ਟਰ ਚਾਰਟਰ ਅਤੇ ਜਿਨੇਵਾ ਕਨਵੈਨਸ਼ਨ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਗਰਿਕ ਢਾਂਚੇ ’ਤੇ ਹਮਲਾ ਅੰਤਰਰਾਸ਼ਟਰੀ ਮਨੁੱਖੀ ਕਾਨੂੰਨ ਦੇ ਖ਼ਿਲਾਫ਼ ਹੈ। ਹਾਲਾਂਕਿ ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਕਿਸੇ ਨਾਗਰਿਕ ਢਾਂਚੇ ਦੀ ਵਰਤੋਂ ਫੌਜੀ ਮਕਸਦ ਲਈ ਕੀਤੀ ਜਾ ਰਹੀ ਹੋਵੇ, ਤਾਂ ਉਸ ਨੂੰ ‘‘ਡਿਊਲ ਯੂਜ਼ ਟਾਰਗੈੱਟ’ ਮੰਨ ਕੇ ਹਮਲਾ ਕਰਨ ਦੀ ਦਲੀਲ ਦਿੱਤੀ ਜਾ ਸਕਦੀ ਹੈ। ਅਜਿਹੇ ਮਾਮਲਿਆਂ ਦੀ ਅੰਤਿਮ ਕਾਨੂੰਨੀ ਜਾਂਚ ਆਮ ਤੌਰ ’ਤੇ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਹੁੰਦੀ ਹੈ।

ਕੀ ਹੈ ਅਮਰੀਕਾ ਦੀ ਰਣਨੀਤੀ
ਸੁਰੱਖਿਆ ਮਾਮਲਿਆਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਪੁਲਾਂ, ਟ੍ਰਾਂਸਪੋਰਟ ਨੈੱਟਵਰਕ ਅਤੇ ਊਰਜਾ ਢਾਂਚੇ ’ਤੇ ਹਮਲਿਆਂ ਦਾ ਮਕਸਦ ਇਰਾਨ ਦੀ ਫੌਜੀ ਰਸਦ ਸਮਰੱਥਾ ਨੂੰ ਕਮਜ਼ੋਰ ਕਰਨਾ ਅਤੇ ਉਸ ’ਤੇ ਆਰਥਿਕ ਦਬਾਅ ਵਧਾਉਣਾ ਹੋ ਸਕਦਾ ਹੈ। ਕੁਝ ਮਾਹਰ ਇਸ ਨੂੰ ਇਰਾਨ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣ ਦੀ ਰਣਨੀਤੀ ਮੰਨਦੇ ਹਨ, ਜਦਕਿ ਦੂਜਿਆਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੇ ਹਮਲੇ ਭਵਿੱਖ ਵਿਚ ਕਿਸੇ ਵੱਡੀ ਫੌਜੀ ਮੁਹਿੰਮ ਦੀ ਤਿਆਰੀ ਦਾ ਸੰਕੇਤ ਵੀ ਹੋ ਸਕਦੇ ਹਨ।

ਜੰਗ ਕਾਰਨ ਫਿਰ ਵਧ ਰਹੀ ਗਲੋਬਲ ਚਿੰਤਾ
ਲਗਾਤਾਰ ਵਧ ਰਹੇ ਹਮਲਿਆਂ ਅਤੇ ਜਵਾਬੀ ਕਾਰਵਾਈ ਵਿਚਾਲੇ ਪੂਰੇ ਪੱਛਮੀ ਏਸ਼ੀਆ ਵਿਚ ਤਣਾਅ ਡੂੰਘਾ ਹੋ ਗਿਆ ਹੈ। ਕਈ ਖਾੜੀ ਦੇਸ਼ਾਂ ਨੇ ਆਪਣੀ ਹਵਾਈ ਸੁਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਹੈ। ਜੇ ਇਹ ਸੰਘਰਸ਼ ਹੋਰ ਫੈਲਦਾ ਹੈ ਤਾਂ ਇਸ ਦਾ ਅਸਰ ਗਲੋਬਲ ਤੇਲ ਸਪਲਾਈ, ਸਮੁੰਦਰੀ ਵਪਾਰ ਅਤੇ ਅੰਤਰਰਾਸ਼ਟਰੀ ਅਰਥਚਾਰੇ ’ਤੇ ਵੀ ਪੈ ਸਕਦਾ ਹੈ। ਅਜਿਹੇ ਵਿਚ ਦੁਨੀਆ ਦੀਆਂ ਨਜ਼ਰਾਂ ਹੁਣ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਕੀ ਦੋਵੇਂ ਦੇਸ਼ ਕੂਟਨੀਤੀ ਦਾ ਰਾਹ ਅਪਣਾਉਣਗੇ ਜਾਂ ਇਹ ਸੰਘਰਸ਼ ਹੋਰ ਵਿਆਪਕ ਰੂਪ ਲਵੇਗਾ।

ਇਹ ਵੀ ਪੜ੍ਹੋ- ਅਮਰੀਕਾ 'ਚ ਵਧਦੀ ਜਾ ਰਹੀ ਭਾਰਤੀ ਨਰਸਾਂ ਦੀ ਡਿਮਾਂਡ ! ਹਰ ਸਾਲ 1.89 ਲੱਖ ਸੀਟਾਂ ਹੋਣਗੀਆਂ ਖਾਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News