ਅਮਰੀਕਾ-ਈਰਾਨ ਵਿਚਾਲੇ ਜੰਗ ਹੋਈ ਤੇਜ਼ ! ਚਾਬਹਾਰ ਸਣੇ ਕਈ ਸ਼ਹਿਰਾਂ ''ਤੇ ਭਾਰੀ ਬੰਬਾਰੀ; ਤਹਿਰਾਨ ਨੇ ਵੀ ਕੀਤਾ ਪਲਟਵਾਰ

Thursday, Jul 09, 2026 - 10:17 AM (IST)

ਅਮਰੀਕਾ-ਈਰਾਨ ਵਿਚਾਲੇ ਜੰਗ ਹੋਈ ਤੇਜ਼ ! ਚਾਬਹਾਰ ਸਣੇ ਕਈ ਸ਼ਹਿਰਾਂ ''ਤੇ ਭਾਰੀ ਬੰਬਾਰੀ; ਤਹਿਰਾਨ ਨੇ ਵੀ ਕੀਤਾ ਪਲਟਵਾਰ

ਤਹਿਰਾਨ (ਵਾਰਤਾ): ਅਮਰੀਕਾ ਅਤੇ ਈਰਾਨ ਦਰਮਿਆਨ ਚੱਲ ਰਿਹਾ ਫੌਜੀ ਟਕਰਾਅ ਹੋਰ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਅਮਰੀਕਾ ਨੇ ਈਰਾਨ ਵਿਰੁੱਧ ਨਵੇਂ ਸੈਨਿਕ ਹਮਲੇ ਕੀਤੇ ਹਨ, ਜਿਨ੍ਹਾਂ ਵਿੱਚ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਚਾਬਹਾਰ ਦੀ ਬਿਜਲੀ ਪ੍ਰਣਾਲੀ, ਬੰਦਰਗਾਹ ਸਹੂਲਤਾਂ ਅਤੇ ਇੱਕ ਹਸਪਤਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਈਰਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ।

ਈਰਾਨੀ ਮੀਡੀਆ ਅਨੁਸਾਰ ਬੁੱਧਵਾਰ ਨੂੰ ਹੋਏ ਇਨ੍ਹਾਂ ਹਮਲਿਆਂ ਵਿੱਚ ਚਾਬਹਾਰ ਦੀਆਂ ਤਿੰਨ ਮੁੱਖ ਬਿਜਲੀ ਲਾਈਨਾਂ ਨੁਕਸਾਨੀਆਂ ਗਈਆਂ, ਜਿਸ ਕਾਰਨ ਸ਼ਹਿਰ ਦੇ ਲਗਭਗ ਅੱਧੇ ਹਿੱਸੇ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਹਮਲੇ ਦੌਰਾਨ ਮਿਜ਼ਾਈਲ ਦੇ ਟੁਕੜੇ ਇਮਾਮ ਅਲੀ ਹਸਪਤਾਲ 'ਤੇ ਵੀ ਡਿੱਗੇ। ਚਾਬਹਾਰ ਅਤੇ ਨੇੜਲੇ ਸ਼ਹਿਰ ਕੋਨਾਰਕ ਵਿੱਚ ਧਮਾਕਿਆਂ ਦੀਆਂ ਲਗਭਗ 10 ਜ਼ੋਰਦਾਰ ਆਵਾਜ਼ਾਂ ਸੁਣੀਆਂ ਗਈਆਂ। ਇਸ ਤੋਂ ਇਲਾਵਾ ਸ਼ਹੀਦ ਬਹੇਸ਼ਤੀ ਅਤੇ ਕਲੰਤਰੀ ਬੰਦਰਗਾਹਾਂ ਦੇ ਕੰਟਰੋਲ ਟਾਵਰਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਖ਼ਬਰ ਹੈ।ਇਸ ਦੇ ਨਾਲ ਹੀ ਜਹਾਜ਼ ਟ੍ਰੈਫਿਕ ਕੰਟਰੋਲ ਟਾਵਰ ਨੂੰ ਵੀ ਨੁਕਸਾਨ ਪਹੁੰਚਾਇਆ। ਇਨ੍ਹਾਂ ਹਮਲਿਆਂ ਕਾਰਨ ਚਾਬਹਾਰ ਸ਼ਹਿਰ ਦਾ ਅੱਧਾ ਹਿੱਸਾ ਬਿਜਲੀ ਤੋਂ ਵਾਂਝਾ ਹੋ ਗਿਆ।ਸਿਸਤਾਨ ਅਤੇ ਬਲੂਚੇਸਤਾਨ ਸੂਬਾਈ ਬਿਜਲੀ ਵੰਡ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਨੇ ਦੱਸਿਆ ਕਿ ਤਿੰਨ ਨੁਕਸਾਨੀਆਂ ਗਈਆਂ ਬਿਜਲੀ ਲਾਈਨਾਂ ਵਿੱਚੋਂ ਦੋ ਨੂੰ ਬਹਾਲ ਕਰ ਦਿੱਤਾ ਗਿਆ ਹੈ ਅਤੇ ਤੀਜੀ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਸਰੋਤਾਂ ਅਨੁਸਾਰ ਈਰਾਨੀ ਸ਼ਹਿਰ ਦੇ ਸਥਾਨਕ ਹਵਾਈ ਅੱਡੇ 'ਤੇ ਮਿਜ਼ਾਈਲ ਡਿੱਗਣ ਕਾਰਨ ਮੌਸਮ ਵਿਗਿਆਨ ਵਿਭਾਗ ਦੇ ਇੱਕ ਅਧਿਕਾਰੀ, ਖਾਲਿਦ ਕਾਦੇਰੀ, ਦੀ ਮੌਤ ਹੋ ਗਈ। ਅਮਰੀਕੀ ਲੜਾਕੂ ਜਹਾਜ਼ਾਂ ਨੇ ਚਾਬਹਾਰ ਸਥਿਤ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਨੌਸੈਨਿਕ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ ਹੈ। ਹਮਲਿਆਂ ਦੀਆਂ ਰਿਪੋਰਟਾਂ ਬੰਦਰ ਅੱਬਾਸ, ਕੇਸ਼ਮ ਟਾਪੂ, ਜਾਸਕ ਅਤੇ ਉੱਤਰੀ ਈਰਾਨ ਦੇ ਗੋਲੇਸਤਾਨ ਸੂਬੇ ਤੋਂ ਵੀ ਮਿਲ ਰਹੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ- 'ਹੋਰਮੁਜ਼' ਖੋਲ੍ਹਣ ਨੂੰ ਲੈ ਕੇ ਈਰਾਨ ਦਾ ਵੱਡਾ ਬਿਆਨ ਆਇਆ ਸਾਹਮਣੇ

ਅਮਰੀਕੀ ਕੇਂਦਰੀ ਕਮਾਂਡ (CENTCOM) ਨੇ ਸਪੱਸ਼ਟ ਕੀਤਾ ਹੈ ਕਿ ਇਹ ਸੈਨਿਕ ਕਾਰਵਾਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ 'ਤੇ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਹੋਰਮੁਜ਼ ਸਟ੍ਰੇਟ 'ਤੇ ਈਰਾਨ ਦੇ ਕੰਟਰੋਲ ਨੂੰ ਕਮਜ਼ੋਰ ਕਰਨਾ ਹੈ। ਦੂਜੇ ਪਾਸੇ ਈਰਾਨ ਨੇ ਅਮਰੀਕਾ 'ਤੇ ਪਾਕਿਸਤਾਨ ਦੀ ਵਿਚੋਲਗੀ ਨਾਲ ਹੋਏ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਈਰਾਨੀ ਨੇਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਸ਼ਮਣ ਨੂੰ ਇਸ ਦੀ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਈਰਾਨ ਦਾ ਪਲਟਵਾਰ 

ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਸੱਯਦ ਮੋਜਤਬਾ ਖਮੇਨੀ ਦੇ ਸਲਾਹਕਾਰ ਮੋਹਸੇਨ ਰੇਜ਼ਾਈ ਨੇ ਹਮਲਿਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਦੁਸ਼ਮਣ ਅਤੇ ਉਸਦੇ ਸਹਿਯੋਗੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।"  ਅਮਰੀਕੀ ਹਮਲਿਆਂ ਦੇ ਜਵਾਬ ਵਿੱਚ ਈਰਾਨੀ ਫੌਜ (IRGC) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਹਿਰੀਨ ਅਤੇ ਕੁਵੈਤ ਵਿੱਚ ਸਥਿਤ 85 ਅਮਰੀਕੀ ਫੌਜੀ ਟਿਕਾਣਿਆਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਵਿੱਚ ਕੁਵੈਤ ਦਾ ਅਲੀ ਅਲ ਸਲੇਮ ਏਅਰ ਬੇਸ ਅਤੇ ਬਹਿਰੀਨ ਵਿੱਚ ਅਮਰੀਕੀ ਪੰਜਵੇਂ ਬੇੜੇ ਨਾਲ ਸਬੰਧਤ ਖੇਤਰ ਸ਼ਾਮਲ ਹਨ। ਈਰਾਨ ਨੇ ਇੱਕ ਅਮਰੀਕੀ ਐਮ.ਕਿਊ.-9 (MQ-9) ਡਰੋਨ ਨੂੰ ਵੀ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News