Trump ਦਾ ਕਤਲ ਕਰਨ ਦੀ ਤਿਆਰੀ ''ਚ ਈਰਾਨ! ਇਜ਼ਰਾਈਲ ਨੇ ਅਮਰੀਕਾ ਨੂੰ ਕਰ''ਤਾ ਅਲਰਟ

Friday, Jul 10, 2026 - 11:40 AM (IST)

Trump ਦਾ ਕਤਲ ਕਰਨ ਦੀ ਤਿਆਰੀ ''ਚ ਈਰਾਨ! ਇਜ਼ਰਾਈਲ ਨੇ ਅਮਰੀਕਾ ਨੂੰ ਕਰ''ਤਾ ਅਲਰਟ

ਵਾਸ਼ਿੰਗਟਨ (ਆਈਏਐਨਐਸ): : ਇਜ਼ਰਾਈਲੀ ਖੁਫੀਆ ਏਜੰਸੀਆਂ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਈਰਾਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਤਲ ਕਰਨ ਲਈ ਇੱਕ ਨਵੀਂ ਅਤੇ ਖ਼ਤਰਨਾਕ ਸਾਜ਼ਿਸ਼ ਤਿਆਰ ਕੀਤੀ ਹੈ। ਇਸ ਖੁਲਾਸੇ ਤੋਂ ਬਾਅਦ ਅਮਰੀਕੀ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। 'ਦਿ ਵਾਲ ਸਟ੍ਰੀਟ ਜਰਨਲ' ਅਤੇ 'ਸੀ.ਐੱਨ.ਐੱਨ.' ਦੀਆਂ ਰਿਪੋਰਟਾਂ ਅਨੁਸਾਰ ਇਜ਼ਰਾਈਲ ਨੇ ਹਾਲ ਹੀ ਵਿੱਚ ਵਾਸ਼ਿੰਗਟਨ ਨਾਲ ਇਹ ਗੁਪਤ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਈਰਾਨ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਟਕਰਾਅ ਨੂੰ ਹੋਰ ਤਿੱਖਾ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਰਿਪੋਰਟਾਂ ਬਾਰੇ ਪੁੱਛੇ ਜਾਣ 'ਤੇ, ਵ੍ਹਾਈਟ ਹਾਊਸ ਨੇ ਦੋਵਾਂ ਨਿਊਜ਼ ਸੰਗਠਨਾਂ ਨੂੰ ਅੰਕਾਰਾ ਵਿੱਚ ਨਾਟੋ ਸੰਮੇਲਨ ਦੌਰਾਨ ਟਰੰਪ ਦੁਆਰਾ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ, ਜਿੱਥੇ ਉਨ੍ਹਾਂ ਨੇ ਖੁੱਲ੍ਹ ਕੇ ਸਵੀਕਾਰ ਕੀਤਾ ਕਿ ਉਹ ਤਹਿਰਾਨ ਦਾ ਮੁੱਖ ਨਿਸ਼ਾਨਾ ਬਣਿਆ ਹੋਇਆ ਹੈ। ਟਰੰਪ ਨੇ ਬੁੱਧਵਾਰ ਸੰਮੇਲਨ ਵਿੱਚ ਪੱਤਰਕਾਰਾਂ ਨੂੰ ਕਿਹਾ,"ਮੈਂ ਈਰਾਨ ਦੀ 'ਕਿੱਲ ਲਿਸਟ' ਵਿੱਚ ਪਹਿਲੇ ਨੰਬਰ 'ਤੇ ਹਾਂ।" "ਮੈਂ ਨੰਬਰ ਵਨ ਹਾਂ, ਇਸ ਬਾਰੇ ਮੈਨੂੰ ਨਹੀਂ ਪਤਾ... ਪਰ ਮੈਨੂੰ ਸੱਚਮੁੱਚ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਆਪਣਾ ਕੰਮ ਕਰ ਰਿਹਾ ਹਾਂ।"  ਉਨ੍ਹਾਂ ਨੇ ਈਰਾਨੀ ਲੀਡਰਸ਼ਿਪ 'ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਨੂੰ "ਬੀਮਾਰ, ਨੀਚ ਅਤੇ ਕੈਂਸਰ" ਵਰਗੇ ਲੋਕ ਕਰਾਰ ਦਿੱਤਾ, ਜਿਨ੍ਹਾਂ ਨੂੰ ਜੜ੍ਹੋਂ ਪੁੱਟਣ ਦੀ ਲੋੜ ਹੈ। ਇਸ ਤੋਂ ਪਹਿਲਾਂ ਦਿਨ ਵਿੱਚ, ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ਇੱਕ ਮੀਟਿੰਗ ਦੌਰਾਨ, ਟਰੰਪ ਨੇ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ।

ਸਰੋਤਾਂ ਅਨੁਸਾਰ ਈਰਾਨ ਸਾਲ 2020 ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਆਪਣੇ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਕਈ ਸਾਲਾਂ ਤੋਂ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਸਹੁੰ ਖਾ ਰਿਹਾ ਹੈ। ਹਾਲ ਹੀ ਵਿੱਚ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀਆਂ ਅੰਤਿਮ ਰਸਮਾਂ ਦੌਰਾਨ ਵੀ ਪ੍ਰਦਰਸ਼ਨਕਾਰੀਆਂ ਨੇ ਟਰੰਪ ਨੂੰ ਮਾਰਨ ਦੇ ਨਾਅਰੇ ਲਗਾਏ ਅਤੇ ਅਜਿਹੇ ਬੈਨਰ ਲਹਿਰਾਏ ਸਨ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਮੂਲ ਦੇ ਨਾਸਾ ਪੁਲਾੜ ਯਾਤਰੀ ਅਨਿਲ ਮੈਨਨ 14 ਜੁਲਾਈ ਨੂੰ ਹੋਣਗੇ ਰਵਾਨਾ; ਕਰਨਗੇ ਵਿਗਿਆਨਕ ਪ੍ਰਯੋਗ

ਇਸ ਗੰਭੀਰ ਖ਼ਤਰੇ ਦੇ ਵਿਚਕਾਰ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਫੋਨ 'ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਈਰਾਨ ਦੇ ਖਿਲਾਫ ਚੱਲ ਰਹੇ ਸੰਘਰਸ਼ ਅਤੇ ਸੁਰੱਖਿਆ ਸਬੰਧੀ ਆਪਸੀ ਤਾਲਮੇਲ ਨੂੰ ਜਾਰੀ ਰੱਖਣ 'ਤੇ ਸਹਿਮਤੀ ਜਤਾਈ ਹੈ।ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਵਾਸ਼ਿੰਗਟਨ ਅਤੇ ਤੇਹਰਾਨ ਵਿਚਾਲੇ ਸਬੰਧ ਬੇਹੱਦ ਖਰਾਬ ਹੋ ਚੁੱਕੇ ਹਨ। 60 ਦਿਨਾਂ ਦੀ ਜੰਗਬੰਦੀ ਖਤਮ ਹੋਣ ਤੋਂ ਬਾਅਦ ਅਮਰੀਕਾ ਨੇ ਈਰਾਨ 'ਤੇ ਕਈ ਫੌਜੀ ਹਮਲੇ ਕੀਤੇ ਹਨ ਅਤੇ ਈਰਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਖੁਫੀਆ ਏਜੰਸੀਆਂ ਹੁਣ ਉਨ੍ਹਾਂ ਲੋਕਾਂ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ ਜੋ ਮੌਜੂਦਾ ਅਤੇ ਸਾਬਕਾ ਅਮਰੀਕੀ ਅਧਿਕਾਰੀਆਂ 'ਤੇ ਹਮਲੇ ਕਰਨ ਦੀ ਗੱਲ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਮਸ਼ਹਦ ’ਚ ਸਪੁਰਦ-ਏ-ਖ਼ਾਕ ਹੋਏ ਅਯਾਤੁੱਲਾ ਅਲੀ ਖ਼ਾਮੇਨੇਈ, ਜਨਾਜ਼ੇ ’ਚ ਉਮੜੀ ਲੱਖਾਂ ਦੀ ਭੀੜ

ਇਸ ਖੁਫੀਆ ਰਿਪੋਰਟ ਦੇ ਆਉਣ ਨਾਲ ਮਹਿਜ਼ ਤਿੰਨ ਹਫ਼ਤੇ ਪਹਿਲਾਂ ਹੋਈ ਅਸਥਾਈ ਜੰਗਬੰਦੀ ਹੁਣ ਪੂਰੀ ਤਰ੍ਹਾਂ ਤਾਰ-ਤਾਰ ਹੋ ਚੁੱਕੀ ਹੈ। ਵੀਰਵਾਰ ਨੂੰ ਅਮਰੀਕਾ ਵੱਲੋਂ ਈਰਾਨੀ ਠਿਕਾਣਿਆਂ 'ਤੇ ਕੀਤੇ ਗਏ ਵਿਆਪਕ ਹਮਲਿਆਂ ਤੋਂ ਬਾਅਦ, ਜਵਾਬੀ ਕਾਰਵਾਈ ਕਰਦਿਆਂ ਈਰਾਨ ਨੇ ਖਾੜੀ ਖੇਤਰ ਵਿੱਚ ਮੌਜੂਦ ਪੱਛਮੀ ਦੇਸ਼ਾਂ ਅਤੇ ਅਮਰੀਕਾ ਦੇ ਸਹਿਯੋਗੀਆਂ 'ਤੇ ਭਿਆਨਕ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਕਤਰ, ਕੁਵੈਤ ਅਤੇ ਬਹਿਰੀਨ ਵਰਗੇ ਦੇਸ਼ਾਂ 'ਤੇ ਲਗਾਤਾਰ ਮਿਜ਼ਾਈਲਾਂ ਦਾਗੀਆਂ ਗਈਆਂ, ਜਿੱਥੇ ਬਹਿਰੀਨ ਵਿੱਚ ਮੌਜੂਦ ਅਮਰੀਕੀ ਜਲ ਸੈਨਾ ਦੇ ਪੰਜਵੇਂ ਬੇੜੇ ਦੇ ਹੈੱਡਕੁਆਰਟਰ ਦੇ ਆਲੇ-ਦੁਆਲੇ ਕਈ ਵਾਰ ਖ਼ਤਰੇ ਦੇ ਸਾਇਰਨ ਵੱਜੇ। ਇਸ ਦੇ ਨਾਲ ਹੀ ਜਾਰਡਨ ਸਥਿਤ ਅਮਰੀਕੀ ਏਅਰ ਬੇਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News