ਮੁੜ ਛਿੜ ਗਈ ਜੰਗ ! ਅਮਰੀਕਾ ਵੱਲੋਂ ਈਰਾਨ ਦੇ 80 ਟਿਕਾਣਿਆਂ 'ਤੇ ਏਅਰਸਟ੍ਰਾਈਕ; ਖਾੜੀ ਦੇਸ਼ਾਂ 'ਚ ਦਹਿਸ਼ਤ ਦਾ ਮਾਹੌਲ

Wednesday, Jul 08, 2026 - 10:55 AM (IST)

ਮੁੜ ਛਿੜ ਗਈ ਜੰਗ ! ਅਮਰੀਕਾ ਵੱਲੋਂ ਈਰਾਨ ਦੇ 80 ਟਿਕਾਣਿਆਂ 'ਤੇ ਏਅਰਸਟ੍ਰਾਈਕ; ਖਾੜੀ ਦੇਸ਼ਾਂ 'ਚ ਦਹਿਸ਼ਤ ਦਾ ਮਾਹੌਲ

ਇੰਟਰਨੈਸ਼ਨਲ ਡੈਸਕ: ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਇਕ ਵਾਰ ਫਿਰ ਵੱਧ ਗਿਆ ਹੈ, ਜਿਸ ਕਾਰਨ ਖਾੜੀ ਦੇਸ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਮਰੀਕੀ ਸੈਨਾ ਵੱਲੋਂ ਈਰਾਨ 'ਤੇ ਕੀਤੇ ਗਏ ਵੱਡੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਈਰਾਨ ਨੇ ਵੀ ਗੁਆਂਢੀ ਦੇਸ਼ਾਂ ਵਿਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਖਾੜੀ ਦੇਸ਼ ਬਹਿਰੀਨ ਵਿਚ ਚੇਤਾਵਨੀ ਵਾਲੇ ਸਾਇਰਨ ਵਜਾਏ ਜਾ ਰਹੇ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਇਸ ਦੇ ਇਲਾਵਾ ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਇਕ ਜ਼ਰੂਰੀ ਅਤੇ ਅਧਿਕਾਰਤ ਸੁਰੱਖਿਆ ਐਡਵਾਇਜ਼ਰੀ ਜਾਰੀ ਕਰਦਿਆਂ ਜਨਤਾ ਨੂੰ ਹਰ ਹਾਲ ਵਿਚ ਸ਼ਾਂਤੀ ਬਣਾਈ ਰੱਖਣ ਅਤੇ ਸਿਰਫ ਅਧਿਕਾਰਤ ਸਰਕਾਰੀ ਚੈਨਲਾ ਦੇ ਮਾਧਿਅਮ ਜ਼ਰੀਏ ਅਪਡੇਟ ਰਹਿਣ ਦੀ ਅਪੀਲ ਕੀਤੀ ਹੈ। 

PunjabKesari

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇਕ ਵੀਡੀਓ ਸ਼ੇਅਰ ਕੀਤੀ। ਵੀਡੀਓ ਵਿਚ ਕਰੀਬ 8 ਸਕਿੰਟ ਦੇ ਅੰਦਰ ਲਗਾਤਾਰ 5 ਜ਼ੋਰਦਾਰ ਧਮਾਕੇ ਦਿਖਾਏ ਗਏ। ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਇਹ ਵੀਡੀਓ ਈਰਾਨ ਦਾ ਹੈ ਜਾਂ ਨਹੀਂ। ਜੇਕਰ ਇਹ ਵੀਡੀਓ ਈਰਾਨ ਦਾ ਹੈ ਤਾਂ ਕਿਸ ਇਲਾਕੇ ਦਾ ਹੈ।

 

ਸਰੋਤਾਂ ਅਨੁਸਾਰ ਅਮਰੀਕੀ ਸੈਨਾ ਨੇ ਮੰਗਲਵਾਰ ਦੇਰ ਰਾਤ ਤੋਂ ਲੈ ਕੇ ਬੁੱਧਵਾਰ ਸਵੇਰ ਤੱਕ ਈਰਾਨ ਵਿਰੁੱਧ ਇੱਕ ਵੱਡਾ ਫੌਜੀ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਅਮਰੀਕਾ ਨੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਦੇ 80 ਤੋਂ ਵੱਧ ਫੌਜੀ ਟਿਕਾਣਿਆਂ 'ਤੇ ਭਿਆਨਕ ਏਅਰਸਟ੍ਰਾਈਕ ਕੀਤੀ। ਇਹ ਹਮਲੇ ਉਸ ਸਮੇਂ ਕੀਤੇ ਗਏ ਜਦੋਂ ਈਰਾਨ ਵਿੱਚ ਅਯਾਤੁੱਲਾ ਅਲੀ ਖਮੇਨੀ ਦੀਆਂ ਅੰਤਿਮ ਰਸਮਾਂ ਚੱਲ ਰਹੀਆਂ ਸਨ। ਅਮਰੀਕੀ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਈਰਾਨ ਦੇ ਏਅਰ ਡਿਫੈਂਸ ਸਿਸਟਮ, ਕਮਾਂਡ ਸੈਂਟਰ, ਡਰੋਨ ਲਾਂਚ ਸਾਈਟਾਂ ਅਤੇ 60 ਤੋਂ ਵੱਧ ਤੇਜ਼ ਰਫਤਾਰ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ।

ਈਰਾਨ ਦਾ ਪਲਟਵਾਰ ਅਤੇ ਕੁਵੈਤ 'ਤੇ ਹਮਲਾ:

ਅਮਰੀਕੀ ਹਮਲੇ ਦੇ ਜਵਾਬ ਵਿੱਚ ਈਰਾਨ ਨੇ ਕੁਵੈਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ। ਕੁਵੈਤ ਦੀ ਫੌਜ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਏਅਰ ਡਿਫੈਂਸ ਸਿਸਟਮ ਦੁਸ਼ਮਣ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਰੋਕਣ ਵਿੱਚ ਜੁਟਿਆ ਹੋਇਆ ਹੈ। ਫੌਜ ਨੇ ਆਪਣੇ ਨਾਗਰਿਕਾਂ ਨੂੰ ਧਮਾਕਿਆਂ ਦੀ ਆਵਾਜ਼ ਤੋਂ ਨਾ ਘਬਰਾਉਣ ਅਤੇ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਤੇ ਸਿਰਫ਼ ਸਰਕਾਰੀ ਚੈਨਲਾਂ ਦੀਆਂ ਸੂਚਨਾਵਾਂ 'ਤੇ ਭਰੋਸਾ ਕਰਨ ਲਈ ਕਿਹਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਸਥਿਤੀ ਜਲਦੀ ਕਾਬੂ ਨਾ ਕੀਤੀ ਗਈ ਤਾਂ ਇਹ ਇੱਕ ਵੱਡੀ ਖੇਤਰੀ ਜੰਗ ਦਾ ਰੂਪ ਲੈ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News