ਪਾਰਟੀ ''ਚੋਂ ਕੱਢਣ ਤੋਂ ਪਹਿਲਾਂ ਕਿਸੇ ਨੇ ਮੇਰੀ ਗੱਲ ਹੀ ਨਹੀਂ ਸੁਣੀ : MP ਰਮੇਸ਼ ਸੰਘਾ
Friday, Jan 29, 2021 - 08:16 AM (IST)
ਓਟਾਵਾ, (ਰਾਜ ਗੋਗਨਾ)— ਕੈਨੇਡਾ ਦੇ ਬਰੈਂਪਟਨ ਸੈਂਟਰ ਤੋਂ ਸੰਸਦ ਮੈਂਬਰ ਰਮੇਸ਼ ਸੰਘਾ ਨੇ ਆਪਣੇ ਦੁੱਖੜੇ ਫਰੋਲਦਿਆਂ ਦੱਸਿਆ ਹੈ ਕਿ ਲਿਬਰਲ ਪਾਰਟੀ ਕਾਕਸ ਤੋਂ ਬਾਹਰ ਕੱਢਣ ਤੋਂ ਪਹਿਲਾਂ ਉਨਾਂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਹੀ ਨਹੀਂ ਮਿਲਿਆ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੁੱਸੇ ਵਿਚ ਸਨ ਤੇ ਉਨ੍ਹਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ।
ਇੱਥੇ ਜ਼ਿਕਰਯੋਗ ਹੈ ਕਿ ਇਕ ਨਿੱਜੀ ਚੈਨਲ 'ਤੇ ਸੰਘਾ ਨੇ ਗੱਲਬਾਤ ਕਰਦਿਆਂ ਪੰਜਾਬੀ ਮੂਲ ਦੇ ਸੰਘਾ ਨੇ ਕੈਨੇਡਾ ਦੇ ਸਾਬਕਾ ਮੰਤਰੀ ਨਵਦੀਪ ਸਿੰਘ ਬੈਂਸ 'ਤੇ ਵੱਖਵਾਦੀ ਹੋਣ ਦੇ ਦੋਸ਼ ਲਾਏ ਸਨ। ਇਨ੍ਹਾਂ ਦੋਸ਼ਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਪਿਛਲੇ ਦਿਨੀਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਣ ਦਾ ਫੈਸਲਾ ਲਿਆ ਗਿਆ ਸੀ।
ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਰਮੇਸ਼ ਸੰਘਾ ਅਕਸਰ ਹੀ ਇਹੋ ਜਿਹੇ ਬਿਆਨਾਂ ਕਾਰਨ ਚਰਚਾ ਵਿਚ ਰਹਿੰਦੇ ਸਨ ਜੋ ਲਿਬਰਲ ਪਾਰਟੀ ਦੀ ਸੋਚ ਨਾਲ ਮੇਲ ਨਹੀਂ ਖਾਂਦੇ ਸਨ।
ਸੰਘਾ ਸਾਬਕਾ ਵਕੀਲ ਹਨ ਜੋ 2015 ਵਿਚ ਲਿਬਰਲ ਪਾਰਟੀ ਵਲੋਂ ਚੋਣ ਜਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਸੰਘਾ ਨੂੰ ਸੋਮਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਟਰੂਡੋ ਨਾਲ ਗੱਲ ਕਰਨ ਮਗਰੋਂ ਕਾਕਸ ਵਿਚੋਂ ਹਟਾ ਦਿੱਤਾ ਗਿਆ। ਉਹ ਆਜ਼ਾਦ ਤੌਰ 'ਤੇ ਬਰੈਂਪਟਨ ਦੇ ਐੱਮ. ਪੀ. ਰਹਿਣਗੇ ਪਰ ਉਹ ਲਿਬਰਲ ਕਾਕਸ ਦਾ ਹਿੱਸਾ ਨਹੀਂ ਹੋਣਗੇ।