ਜਰਮਨੀ 'ਚ ਬੋਲੇ ਰਾਹੁਲ, ਕਿਹਾ- ਮੋਦੀ ਨੂੰ ਪਾਈ ਜੱਫੀ ਤੋਂ ਕੁਝ ਕਾਂਗਰਸੀ ਨਹੀਂ ਸਨ ਖੁਸ਼

Thursday, Aug 23, 2018 - 12:30 PM (IST)

ਜਰਮਨੀ 'ਚ ਬੋਲੇ ਰਾਹੁਲ, ਕਿਹਾ- ਮੋਦੀ ਨੂੰ ਪਾਈ ਜੱਫੀ ਤੋਂ ਕੁਝ ਕਾਂਗਰਸੀ ਨਹੀਂ ਸਨ ਖੁਸ਼

ਹੈਮਬਰਗ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 4 ਦਿਨਾ ਯੂਰਪ ਦੌਰੇ 'ਤੇ ਹਨ। ਆਪਣੀ ਯਾਤਰਾ ਦੇ ਪਹਿਲੇ ਪੜਾਅ 'ਚ ਰਾਹੁਲ ਕੱਲ ਭਾਵ ਬੁੱਧਵਾਰ ਨੂੰ ਜਰਮਨੀ ਪੁੱਜੇ ਹਨ। ਜਰਮਨੀ ਦੇ ਹੈਮਬਰਗ ਵਿਚ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿਚ ਭਾਰਤ ਬਾਰੇ ਗੱਲ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ 'ਚ ਨੌਕਰੀ ਦੀ ਵੱਡੀ ਸਮੱਸਿਆ ਹੈ ਪਰ ਪ੍ਰਧਾਨ ਮੰਤਰੀ ਇਸ ਨੂੰ ਦੇਖਣਾ ਹੀ ਨਹੀਂ ਚਾਹੁੰਦੇ। ਉਨ੍ਹਾਂ ਨੇ ਕਿਹਾ, ''ਸਮੱਸਿਆ ਦਾ ਹੱਲ ਕਰਨ ਲਈ ਤੁਹਾਨੂੰ ਉਸ ਨੂੰ ਸਵੀਕਾਰ ਕਰਨਾ ਹੋਵੇਗਾ।''

ਰਾਹੁਲ ਨੇ ਭਾਰਤ ਅਤੇ ਪਿਛਲੇ 70 ਸਾਲਾਂ ਵਿਚ ਹੋਈ ਤਰੱਕੀ ਬਾਰੇ ਵੀ ਬੋਲਿਆ। ਸੰਸਦ ਵਿਚ ਪਿਛਲੇ ਮਹੀਨੇ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਗਲੇ ਲਾਉਣ ਦੇ ਵਾਕਿਆ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ''ਜਦੋਂ ਸੰਸਦ ਵਿਚ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਾਇਆ ਤਾਂ ਮੇਰੀ ਹੀ ਪਾਰਟੀ ਅੰਦਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ।'' 

ਰਾਹੁਲ ਨੇ ਆਪਣੇ ਮਰਹੂਮ ਪਿਤਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਬਾਰੇ ਵੀ ਬੋਲਿਆ। ਉਨ੍ਹਾਂ ਨੇ ਕਿਹਾ, ''ਜਦੋਂ ਮੈਂ ਸ਼੍ਰੀਲੰਕਾ ਵਿਚ ਆਪਣੇ ਪਿਤਾ ਦੇ ਕਾਤਲ ਨੂੰ ਮ੍ਰਿਤਕ ਪਿਆ ਦੇਖਿਆ ਤਾਂ ਮੈਨੂੰ ਚੰਗਾ ਨਹੀਂ ਲੱਗਾ। ਮੈਂ ਉਸ ਵਿਚ ਉਸ ਦੇ ਰੋਂਦੇ ਹੋਏ ਬੱਚਿਆਂ ਨੂੰ ਦੇਖਿਆ।'' ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ (ਲਿੱਟੇ) ਮੁਖੀ ਵੀ. ਪ੍ਰਭਾਕਰਨ ਰਾਜੀਵ ਗਾਂਧੀ ਦੀ ਹੱਤਿਆ ਲਈ ਜ਼ਿੰਮੇਵਾਰ ਸੀ। ਉਸ ਨੂੰ ਸ਼੍ਰੀਲੰਕਾਈ ਫੌਜੀਆਂ ਨੇ 2009 ਵਿਚ ਉਨ੍ਹਾਂ ਨੂੰ ਮਾਰਿਆ ਸੀ।


Related News