ਬੈਂਕ ਘਪਲੇ ''ਚ ਅਦਾਲਤ ਨੇ 12 ਦੋਸ਼ੀਆਂ ਨੂੰ ਸੁਣਾਈ ਸਜ਼ਾ
Tuesday, Oct 28, 2025 - 12:50 PM (IST)
ਮੋਹਾਲੀ (ਜਸਬੀਰ ਜੱਸੀ) : ਗਲਤ ਢੰਗ ਨਾਲ ਕੁੱਝ ਵਿਅਕਤੀਆਂ ਨੂੰ ਕਰਜ਼ਾ ਦੇਣ ਅਤੇ ਬੈਂਕ ਨੂੰ 45.74 ਲੱਖ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਬੀ. ਐੱਸ. ਸਰਾਂ ਦੀ ਅਦਾਲਤ ਵਲੋਂ 12 ਪ੍ਰਾਈਵੇਟ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦੋਂ ਕਿ ਬੂਟਾ ਸਿੰਘ ਨਾਂ ਦੇ ਵਿਅਕਤੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦੇ ਹੁਕਮ ਸੁਣਾਏ ਹਨ। ਅਦਾਲਤ ਵਲੋਂ ਅਸ਼ਵਨੀ ਪੁਰੀ, ਅਰਵਿੰਦ ਜੈਨ ਅਤੇ ਸ਼ਾਲੂ ਜੈਨ ਨੂੰ ਧਾਰਾ 120 ਬੀ, 420, 471 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ, ਜਦੋਂ ਕਿ ਮੁਲਜ਼ਮ ਗੁਰਮੀਤ ਕੌਰ, ਸੁਰਿੰਦਰ ਕੌਰ, ਸੁਰੇਂਦਰ ਕੁਮਾਰ, ਰਾਜ ਰਾਣੀ, ਨਵੀਨ ਕੁਮਾਰ, ਸਵਰੂਪ ਸਿੰਘ, ਸ਼ਿੰਗਾਰਾ ਸਿੰਘ, ਹੁਸਨ ਲਾਲ, ਨੰਦ ਲਾਲ ਨੂੰ ਧਾਰਾ 120-ਬੀ, 471 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਦਾ ਕਹਿਣਾ ਹੈ ਕਿ ਕਿਉਂਕਿ ਇਸ ਮੁਕੱਦਮੇ ਦੌਰਾਨ ਇਕਲੌਤੇ ਸਰਕਾਰੀ ਕਰਮਚਾਰੀ ਐਸ. ਐੱਸ.ਵਧਵਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਸਾਰੇ ਕਰਜ਼ਦਾਰਾਂ ਨੇ ਆਪਣਾ ਕਰਜ਼ਾ ਵਾਪਸ ਕਰ ਦਿੱਤਾ ਸੀ, ਇਸ ਲਈ ਅਦਾਲਤ ਨੇ ਉਪਰੋਕਤ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੁਕੱਦਮੇ ਦਾ ਸਾਹਮਣਾ ਕਰ ਰਹੇ ਮੁਲਜ਼ਮਾਂ ਨੂੰ ਇਨਾਂ ਸ਼ਰਤਾਂ ਵਿਚ ਸਜ਼ਾ ਸੁਣਾਈ ਹੈ।
ਅਸ਼ਵਨੀ ਪੁਰੀ ਨੂੰ ਧਾਰਾ 420, 120ਬੀ 'ਚ 1 ਸਾਲ ਕੈਦ 5 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 120 ਬੀ, 471 'ਚ 3 ਮਹੀਨੇ ਕੈਦ 2500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੂਜੇ ਦੋਸ਼ੀ ਅਰਵਿੰਦ ਜੈਨ ਨੂੰ ਧਾਰਾ 420, 120-ਬੀ 'ਚ 3 ਮਹੀਨੇ 2500 ਰੁਪਏ ਜੁਰਮਾਨਾ ਅਤੇ ਧਾਰਾ 120-ਬੀ, 471 'ਚ 2500 ਰੁਪਏ ਜੁਰਮਾਨਾ ਕੀਤਾ ਗਿਆ ਹੈ। ਤੀਜੇ ਦੋਸ਼ੀ ਸ਼ਾਲੂ ਜੈਨ ਨੂੰ ਧਾਰਾ 420, 120-ਬੀ 'ਚ ਅਦਾਲਤ ਉੱਠਣ ਤੱਕ ਕੈਦ 2500 ਰੁਪਏ ਜੁਰਮਾਨਾ ਅਤੇ ਧਾਰਾ 120-ਬੀ, 471 'ਚ 1500 ਰੁਪਏ ਜੁਰਮਾਨਾ, ਦੋਸ਼ੀ ਗੁਰਮੀਤ ਕੌਰ, ਸੁਰਿੰਦਰ ਕੌਰ, ਸੁਰੇਂਦਰ ਕੁਮਾਰ, ਸਵਰੂਪ ਸਿੰਘ, ਹੁਸਨ ਲਾਲ ਨੂੰ ਧਾਰਾ 120-ਬੀ, 471 'ਚ ਅਦਾਲਤ ਉੱਠਣ ਤੱਕ ਕੈਦ ਅਤੇ 2500 ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਰਾਜ ਰਾਣੀ, ਨਵੀਨ ਕੁਮਾਰ, ਨੰਦ ਲਾਲ ਅਤੇ ਸ਼ਿੰਗਾਰਾ ਸਿੰਘ ਨੂੰ ਧਾਰਾ 120-ਬੀ, 471 'ਚ ਅਧੀਨ ਅਦਾਲਤ ਉੱਠਣ ਤੱਕ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਸੀ. ਬੀ. ਆਈ ਵਲੋਂ ਇਸ ਕੇਸ ਦੀ ਪੈਰਵਾਈ ਐਡਵੋਕੇਟ ਅਨਮੋਲ ਨਾਰੰਗ ਕਰ ਰਹੇ ਸਨ। ਐਡਵੋਕੇਟ ਅਨਮੋਲ ਨਾਰੰਗ ਨੇ ਦੱਸਿਆ ਕਿ ਐੱਸ. ਐੱਸ.ਵਾਧਵਾ ਉਸ ਸਮੇਂ ਦੇ ਸਟੇਟ ਬੈਂਕ ਆਫ਼ ਹੈਦਰਾਬਾਦ, ਲੁਧਿਆਣਾ ਬ੍ਰਾਂਚ ਮੈਨੇਜਰ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ ਅਤੇ ਮੁਕੱਦਮੇ ਦੌਰਾਨ ਇਕ ਪ੍ਰਾਈਵੇਟ ਵਿਅਕਤੀ ਦੀ ਵੀ ਮੌਤ ਹੋ ਗਈ ਸੀ, ਜਦੋਂ ਕਿ 3 ਮੁਲਜ਼ਮਾਂ ਨੂੰ ਭਗੌੜਾ ਐਲਾਨ ਦਿੱਤਾ ਗਿਆ।
ਜਾਣੋ ਪੂਰਾ ਮਾਮਲਾ
ਇਹ ਕੇਸ ਸਟੇਟ ਬੈਂਕ ਆਫ਼ ਹੈਦਰਾਬਾਦ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਐੱਸ. ਐੱਸ. ਵਾਧਵਾ ਅਤੇ ਹੋਰ ਮੁਲਜ਼ਮਾਂ ਨੇ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਬੈਂਕ ਦੇ ਨਿਯਮਾਂ ਦੀ ਉਲੰਘਣਾ ਕਰਕੇ ਅਤੇ ਬੈਂਕ ਦੇ ਹਿੱਤਾਂ ਦੀ ਰਾਖੀ ਕੀਤੇ ਬਿਨਾਂ ਰਿਹਾਇਸ਼ੀ ਕਰਜ਼ੇ ਮਨਜ਼ੂਰ ਕੀਤੇ, ਜਿਸ ਨਾਲ ਬੈਂਕ ਨੂੰ ਨੁਕਸਾਨ ਹੋਇਆ ਸੀ ਅਤੇ ਉਧਾਰ ਲੈਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਜਾਂਚ ਪੂਰੀ ਹੋਣ 'ਤੇ ਇਹ ਸਾਹਮਣੇ ਆਇਆ ਕਿ ਦੋਸ਼ੀ ਐੱਸ. ਐੱਸ. ਵਾਧਵਾ ਨੇ ਵਿਚੋਲੇ ਅਸ਼ਵਨੀ ਪੁਰੀ ਨਾਲ ਮਿਲ ਕੇ ਜਾਅਲੀ/ਝੂਠੇ ਦਸਤਾਵੇਜ਼ਾਂ ਜਿਵੇਂ ਕਿ ਆਈ. ਟੀ. ਆਰ, ਇਮਾਰਤ ਯੋਜਨਾਵਾਂ ਆਦਿ ਦੇ ਆਧਾਰ 'ਤੇ 11 ਕਰਜ਼ਦਾਰਾਂ ਨੂੰ 2 ਲੱਖ ਤੋਂ 9.50 ਲੱਖ ਤੱਕ ਦੇ ਰਿਹਾਇਸ਼ੀ ਕਰਜ਼ੇ ਮਨਜ਼ੂਰ ਕੀਤੇ ਅਤੇ ਇਸ ਤਰ੍ਹਾਂ ਬੈਂਕ ਨੂੰ 45.74 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਸੀ. ਬੀ. ਆਈ. ਵਲੋਂ 20 ਵਿਅਕਤੀਆਂ (ਜਿਨ੍ਹਾਂ 'ਚ ਮਰਹੂਮ ਸਰਕਾਰੀ ਕਰਮਚਾਰੀ ਐੱਸ. ਐੱਸ. ਵਾਧਵਾ ਅਤੇ 19 ਪ੍ਰਾਈਵੇਟ ਵਿਅਕਤੀ) ਖ਼ਿਲਾਫ਼ ਧਾਰਾ 420, 467, 468, 471 ਅਤੇ ਪੀ.ਸੀ ਐਕਟ ਦੀ ਧਾਰਾ 13(2) ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
