ਪ੍ਰਕਾਸ਼ ਪੁਰਬ ਮੌਕੇ ਕੁਈਨਜ਼ਲੈਂਡ ਦੀ ਪ੍ਰੀਮੀਅਰ ਗੁਰਦੁਆਰਾ ਸਾਹਿਬ ਵਿਖੇ ਹੋਈ ਨਤਮਸਤਕ
Monday, Nov 26, 2018 - 10:46 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਅਤੇ ਗੁਰਦੁਆਰਾ ਸਿੰਘ ਸਭਾ ਟੈਂਗਮ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਹੋਏ ਧਾਰਮਿਕ ਸਮਾਗਮ ਵਿੱਚ ਸੂਬੇ ਦੀ ਮੁੱਖ ਮੰਤਰੀ ਭਾਵ ਪ੍ਰੀਮੀਅਰ ਐਨਾਸਟੇਜ਼ੀਆ ਪੱਲਾਸ਼ੇਕ ਵਿਖੇ ਨਤਮਸਤਕ ਹੋਈ। ਉਨ੍ਹਾਂ ਨੇ ਸਮੂਹ ਸਿੱਖ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀ ਵਧਾਈਆਂ ਦਿੰਿਦਆਂ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਕੁਈਨਜ਼ਲੈਂਡ ਪਾਰਲੀਮੈਂਟ ਹਾਊਸ ਵਿੱਚ ਵੱਡੇ ਪੱਧਰ 'ਤੇ ਮਨਾਉਣ ਬਾਰੇ ਉਪਰਾਲਾ ਵੀ ਕਰਨਗੇ।
ਇਸ ਸਮੇਂ ਪ੍ਰੀਮੀਅਰ ਵੱਲੋਂ ਗੁਰੂ-ਘਰ ਦੀ ਕਮੇਟੀ ਨੂੰ 5000 ਡਾਲਰ ਦੀ ਰਾਸ਼ੀ ਵੀ ਭੇਂਟਾ ਕੀਤੀ ਗਈ। ਉਨ੍ਹਾਂ ਆਪਣੇ ਸੰਦੇਸ਼ 'ਚ ਆਸਟਰੇਲੀਆ ਨੂੰ ਧਰਮ ਨਿਰਪੱਖ ਦੇਸ਼ ਆਖਿਆ ਅਤੇ ਸਮੂਹ ਧਰਮਾਂ ਦੀ ਬਰਾਬਰਤਾ ਦੀ ਗੱਲ ਵੀ ਆਖੀ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਨੇ ਕਿਹਾ ਕਿ ਸਿੱਖ ਸੰਗਤਾਂ ਨੇ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਗੁਰੂਘਰ ਦੀ ਹਾਜ਼ਰੀ ਭਰੀ ਅਤੇ ਲੰਗਰਾਂ ਦੀ ਅਤੁੱਟ ਸੇਵਾ ਵੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਹਰਜਿੰਦਰ ਸਿੰਘ ਰੰਧਾਵਾ, ਕੈਸ਼ੀਅਰ ਜਰਨੈਲ ਸਿੰਘ ਬਾਸੀ, ਮੀਤ ਪ੍ਰਧਾਨ ਪ੍ਰੀਤਮ ਸਿੰਘ ਝੱਜ, ਇੰਡੋਜ਼ ਦੇ ਸੈਕਟਰੀ ਪਰਮਜੀਤ ਸਿੰਘ ਸਰਾਏ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਚੀਮਾ, ਦਲਵੀਰ ਹਲਵਾਰਵੀ, ਹਰਦਿਆਲ ਬਿਨਿੰਗ, ਸੇਵਾ ਸਿੰਘ ਢੰਡਾ, ਹਰਜਿੰਦਰ ਸਿੰਘ ਬਾਸੀ, ਰੇਸ਼ਮ ਸਿੰਘ ਖੱਖ, ਲੇਖਾਕਾਰ ਰਾਜੂ ਰਾਣਾ, ਕਬੱਡੀ ਕੋਚ ਸ਼ੇਰ ਸਿੰਘ, ਸੁੱਚਾ ਸਿੰਘ ਰੰਧਾਵਾ ਆਦਿ ਮਾਣਯੋਗ ਸਖਸ਼ੀਅਤਾ ਨੇ ਹਾਜ਼ਰੀ ਭਰੀ। ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਪ੍ਰੀਮੀਅਰ ਨੂੰ ਯਾਦ ਚਿੰਨ੍ਹ ਭੇਟ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਰਸ-ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।